ਪਟਿਆਲਾ : ਪਟਿਆਲਾ ਹੈਰੀਟੇਜ ਮੇਲੇ ਦੌਰਾਨ 4 ਫਰਵਰੀ ਨੂੰ ਬਾਰਾਂਦਰੀ ਬਾਗ ਵਿਖੇ ਵਿਰਾਸਤੀ ਸੈਰ ਤੇ ਫੂਡ ਫੈਸਟੀਵਲ ਦੇ ਨੋਡਲ ਅਫ਼ਸਰ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਨਮਨ ਮਾਰਕੰਨ ਤੇ ਐਸ.ਡੀ.ਐਮ. ਨਾਭਾ ਤਰਸੇਮ ਚੰਦ ਨੇ ਇੱਕ ਬੈਠਕ ਕਰਕੇ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆ ਪਟਿਆਲਾ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਇਸ ਵਿਰਾਸਤੀ ਸੈਰ ਮੌਕੇ ਹੈਰੀਟੇਜ ਫੂਡ ਫੈਸਟੀਵਲ ਵਿੱਚ ਪਟਿਆਲਾ ਸ਼ਹਿਰ ਦੀਆਂ ਗਲੀਆਂ ਦੇ ਲਜ਼ੀਜ਼ ਪਕਵਾਨਾਂ ਸਮੇਤ ਸਵੈ ਸਹਾਇਤਾ ਗਰੁੱਪਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਵੀ ਦਸਤਕਾਰੀ ਦੀਆਂ ਸਟਾਲਾਂ ਲਗਾਈਆਂ ਜਾਣਗੀਆਂ। ਨਮਨ ਮਾਰਕੰਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਹੈ ਕਿ ਬਾਰਾਂਦਰੀ ਬਾਇਉਡਰਵਸਿਟੀ ਹੈਰੀਟੇਜ ਸਾਈਟ ਵਜੋਂ ਪਛਾਣ ਮਿਲੇ, ਇਸ ਲਈ ਇਸ ਵਿਰਾਸਤੀ ਸੈਰ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਲਈ ਬਾਰਾਂਦਰੀ ਬਾਗ ਦੀ ਇੱਕ ਵੈਬਸਾਇਟ ਵੀ ਲਾਂਚ ਕੀਤੀ ਜਾਵੇਗੀ ਅਤੇ ਸਾਰੇ ਪੁਰਾਣੇ ਦਰਖ਼ਤਾਂ ਦੀ ਪਛਾਣ ਲਈ ਕਿਊ ਆਰ ਕੋਡ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਸਮੂਹ ਪੰਜਾਬੀਆਂ ਤੇ ਖਾਸ ਕਰਕੇ ਪਟਿਆਲਵੀਆਂ ਨੂੰ ਇਨ੍ਹਾਂ ਸਮਾਗਮਾਂ ਦਾ ਆਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੱਤਾ ਤੇ ਕਿਹਾ ਕਿ ਇਸ ਲਈ ਦਾਖਲਾ ਫਰੀ ਹੋਵੇਗਾ। ਮੀਟਿੰਗ 'ਚ ਪਟਿਆਲਾ ਫਾਊਡੇਸ਼ਨ ਤੋਂ ਰਵੀ ਆਹਲੂਵਾਲੀਆ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਡਾ. ਰਵਿੰਦਰ ਕੌਰ, ਏ.ਸੀ.ਐਫ.ਏ. ਰਾਕੇਸ਼ ਕੁਮਾਰ, ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਜ਼ਿਲ੍ਹਾ ਐਪੀਡੋਮਲੋਜਿਸਟ ਡਾ. ਸੁਮੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।