ਮਾਲੇਰਕੋਟਲਾ : ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਵੇਲੇ ਆਮ ਆਦਮੀ ਪਾਰਟੀ ਨਾਲ ਉਹੀ ਕੁੱਝ ਕੀਤਾ ਹੈ ਜੋ ਆਮ ਆਦਮੀ ਪਾਰਟੀ ਪੰਜਾਬ ਵਿਚ ਵਿਰੋਧੀ ਪਾਰਟੀਆਂ ਨਾਲ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਥੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਇਕ ਸਵਾਲ ਦੇ ਜਵਾਬ ਕੀਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਨ ਸਰਕਾਰ ਨੇ ਮੋਗਾ ਵਿਖੇ ਅਕਾਲੀ ਅਤੇ ਕਾਂਗਰਸੀ ਕੌਂਸਲਰਾਂ ਨਾਲ ਧੱਕੇਸ਼ਾਹੀ ਕਰਕੇ ਅਪਣਾ ਮੇਅਰ ਨਿਯੁਕਤ ਕੀਤਾ ਸੀ। ਹੁਣ ਪੰਜਾਬ ਵਿਧਾਨ ਸਭਾ ਵਿਚ ਕਰਵੇਜ਼ ਲਈ ਬੈਠਣ ਵਾਲੇ ਪੱਤਰਕਾਰਾਂ ਦੀ ਚੋਣ ਵੇਲੇ ਵੀ ਆਮ ਆਦਮੀ ਪਾਰਟੀ ਨੇ ਰੱਜ ਕੇ ਧੱਕਾ ਕੀਤਾ ਹੈ। ਲੋਕਤੰਤਰ ਦੀ ਗੱਲ ਕਰਨ ਵਾਲੇ ਅਤੇ ਨਿਰਪੱਖ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਦੀ ਵਿਧਾਨ ਸਭਾ ਵਿਚ ਐਂਟਰੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਲੋਕਰਾਜੀ ਢੰਗ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਸਿਆਸੀਕਰਨ ਕਰ ਰਹੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਨਾ ਸਿੱਧੂ ਵਰਗੇ ਸਮਾਜਕ ਕੰਮ ਕਰਨ ਵਾਲੇ ਨੌਜੁਆਨਾਂ ਦੀ ਬੋਲਣ ਦੀ ਆਜ਼ਾਦੀ ਖੋਹ ਕੇ ਉਨ੍ਹਾਂ ਨੂੰ ਜੇਲਾਂ ਵਿਚ ਡੱਕ ਰਹੀ ਹੈ। ਜਿਹੜੀ ਪਾਰਟੀ ਖ਼ੁਦ ਜਾਬਰ ਹੈ, ਅੱਤਿਆਚਾਰੀ ਹੈ ਅਤੇ ਲੋਕਰਾਜੀ ਕਦਰਾਂ-ਕੀਮਤਾਂ ਨੂੰ ਸੱਟ ਮਾਰਦੀ ਹੈ, ਉਸ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਦੂਜੀਆਂ ਪਾਰਟੀਆਂ ਵਲੋਂ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਮੌਕੇ ਰੌਲਾ ਪਾਵੇ। ਆਮ ਆਦਮੀ ਪਾਰਟੀ ਨੂੰ ਪਹਿਲਾਂ ਮੋਗਾ ਵਿਖੇ ਨਿਰਪੱਖ ਅਤੇ ਆਜ਼ਾਦ ਚੋਣ ਕਰਾਉਣੀ ਚਾਹੀਦੀ ਹੈ, ਫਿਰ ਚੰਡੀਗੜ੍ਹ ਵਿਚ ਹੋਏ ਧੱਕੇ ਵਿਰੁਧ ਰੌਲਾ ਪਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਪਹਿਲਾਂ ਪੰਜਾਬ ਵਿਚ ਪ੍ਰੈੱਸ ਨੂੰ ਆਜ਼ਾਦੀ ਦਾ ਅਧਿਕਾਰ ਦੇਣਾ ਚਾਹੀਦਾ ਹੈ, ਫਿਰ ਕੌਮੀ ਪੱਧਰ ਤੇ ਭਾਜਪਾ ਨੂੰ ਧੱਕੇਸ਼ਾਹੀ ਵਿਰੁਧ ਘੇਰਨਾ ਚਾਹੀਦਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦਿਨ ਪ੍ਰਤੀ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਉੱਚਾ ਹੁੰਦਾ ਜਾ ਰਿਹਾ ਹੈ ਅਤੇ ਲੋਕ ਅਪਣੀ ਮਾਂ-ਪਾਰਟੀ ਨਾਲ ਮੁੜ ਜੁੜਦੇ ਜਾ ਰਹੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਵਿਚ ਸਾਰੇ ਵਰਗਾਂ ਅਤੇ ਤਬਕਿਆਂ ਨੂੰ ਨੁਮਾਇੰਦਗੀ ਦਿਤੀ ਜਾਵੇਗੀ। ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਚੰਗਾ ਪ੍ਰਦਰਸ਼ਨ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸ. ਗੁਰਮੇਲ ਸਿੰਘ ਨੌਧਰਾਣੀ, ਐਡਵੋਕੇਟ ਸ. ਇੰਦਰਜੀਤ ਸਿੰਘ ਢੀਂਡਸਾ, ਸ. ਹਰਪ੍ਰੀਤ ਸਿੰਘ ਢੀਂਡਸਾ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਪਰਮਜੀਤ ਸਿੰਘ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।