ਸੁਨਾਮ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ 6 ਫਰਵਰੀ ਤੋਂ ਲੱਗਣ ਵਾਲੇ ਕੈਂਪਾਂ ਦੀ ਰੂਪ ਰੇਖਾ ਉਲੀਕਣ ਅਤੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੁੰ ਇਨ੍ਹਾਂ ਕੈਂਪਾਂ ਸਬੰਧੀ ਸਿਖਲਾਈ ਦੇਣ ਲਈ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਆਡੀਟੋਰੀਅਮ ਹਾਲ ਵਿੱਚ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਦੌਰਾਨ ਜਸਪਿੰਦਰ ਸਿੰਘ (ਆਈ.ਏ.ਐਸ) ਉਪ ਮੰਡਲ ਮੈਜਿਸਟਰੇਟ ਸੁਨਾਮ (ਵਾਧੂ ਚਾਰਜ) ਵੱਲੋਂ ਦੱਸਿਆ ਗਿਆ ਕਿ 'ਆਪ ਦੀ ਸਰਕਾਰ ਆਪ ਦੇ ਦੁਆਰ' ਸਕੀਮ ਤਹਿਤ ਸਬ ਡਵੀਜ਼ਨ ਸੁਨਾਮ ਦੇ ਅਧਿਕਾਰ ਖੇਤਰ ਵਿੱਚ 6 ਫਰਵਰੀ ਤੋਂ ਹਰ ਰੋਜ਼ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਸੈਮੀਨਾਰ ਦੌਰਾਨ ਇਨ੍ਹਾਂ ਕੈਂਪਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ ਤਾਂ ਜੋ ਕੈਂਪਾਂ ਦੌਰਾਨ ਕਿਸੇ ਵੀ ਅਧਿਕਾਰੀ ਕਰਮਚਾਰੀ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਹ ਵੀ ਦੱਸਿਆ ਗਿਆ ਕਿ ਕੈਂਪ ਵਿੱਚ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ ਅਤੇ ਇਹ ਸ਼ਿਕਾਇਤਾਂ ਪੀ.ਜੀ.ਆਰ.ਐਸ ਪੋਰਟਲ ਉਤੇ ਅਪਲੋਡ ਕਰਕੇ ਸਬੰਧਤ ਵਿਭਾਗ ਨੂੰ ਭੇਜੀਆਂ ਜਾਣਗੀਆਂ ਅਤੇ ਨਿਪਟਾਰਾ ਹੋਣ ਉਤੇ ਪ੍ਰਾਰਥੀ ਨੂੰ ਸੂਚਿਤ ਵੀ ਕੀਤਾ ਜਾਵੇਗਾ।
ਇਸ ਸਿਖਲਾਈ ਸੈਸ਼ਨ ਦੌਰਾਨ ਅਸ਼ੀਸ਼ ਕੁਮਾਰ ਮਾਸਟਰ ਟ੍ਰੇਨਰ ਵੱਲੋਂ ਅਧਿਕਾਰੀਆਂ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਬਾਰੇ ਜਾਣੂ ਕਰਵਾਇਆ। ਸੈਮੀਨਾਰ ਦੌਰਾਨ ਗੁਰਲੀਨ ਕੌਰ ਤਹਿਸੀਲਦਾਰ ਸੁਨਾਮ , ਨੀਰਜ ਕੁਮਾਰ ਨਾਇਬ ਤਹਿਸੀਲਦਾਰ , ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਚੀਮਾ, ਸੰਜੀਵ ਕੁਮਾਰ ਬੀ.ਡੀ.ਪੀ.ਓ ਸੁਨਾਮ, ਬਾਲ ਕ੍ਰਿਸ਼ਨ ਕਾਰਜ ਸਾਧਕ ਅਫਸਰ ਨਗਰ ਕੌਂਸਲ ਸੁਨਾਮ, ਰੇਖਾ ਰਾਣੀ ਸੀ.ਡੀ.ਪੀ.ਓ. ਸੁਨਾਮ ਅਤੇ ਸਟਾਫ਼ ਹਾਜ਼ਰ ਸੀ।