ਪਟਿਆਲਾ : ਸਵੀਪ ਪਟਿਆਲਾ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਵੋਟਰ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵੀਪ ਨੋਡਲ ਅਫ਼ਸਰ ਪਟਿਆਲਾ ਡਾ: ਸਵਿੰਦਰ ਸਿੰਘ ਰੇਖੀ ਨੇ ਦੱਸਿਆ ਕਿ 2 ਫਰਵਰੀ ਨੂੰ ਖ਼ਾਲਸਾ ਕਾਲਜ ਪਟਿਆਲਾ ਵਿਖੇ ਹੋਏ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੌਰਾਨ ਵੋਟਰ ਜਾਗਰੂਕਤਾ ਅਤੇ ਚੋਣ ਭਾਗੀਦਾਰੀ ਬਾਰੇ ਨੁੱਕੜ ਨਾਟਕ ਪੇਸ਼ ਕੀਤਾ ਗਿਆ। 4 ਫਰਵਰੀ ਨੂੰ ਬਾਰਾਂਦਰੀ ਗਾਰਡਨ ਪਟਿਆਲਾ ਵਿਖੇ ਫੂਡ ਫ਼ੈਸਟੀਵਲ ਦੌਰਾਨ ਵੋਟਰ ਰਜਿਸਟ੍ਰੇਸ਼ਨ ਕਮ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿੱਥੇ ਆਮ ਲੋਕਾਂ ਨੂੰ ਆਨਲਾਈਨ ਅਤੇ ਆਫ਼ਲਾਈਨ ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਦੱਸਿਆ ਗਿਆ। ਇਸ ਕੈਂਪ ਵਿਚ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਵੋਟਰ ਜਾਗਰੂਕਤਾ ਮੁਹਿੰਮ ਵਿਚ ਭਾਗ ਲਿਆ। ਡਿਊਟੀ 'ਤੇ ਤਾਇਨਾਤ ਬੀ.ਐੱਲ.ਓਜ ਅਤੇ ਸੁਪਰਵਾਈਜ਼ਰਾਂ ਵੱਲੋਂ ਨਵੇਂ ਵੋਟਰਾਂ ਨੂੰ ਰਜਿਸਟਰ ਕੀਤਾ ਗਿਆ।ਤਹਿਸੀਲਦਾਰ ਚੋਣਾਂ ਵਿਜੈ ਕੁਮਾਰ ਅਤੇ ਸਵੀਪ ਨੋਡਲ ਅਫ਼ਸਰ ਪਟਿਆਲਾ ਨੇ ਵੋਟਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਉਣ ਵਾਲੀਆਂ ਸਾਰੀਆਂ ਚੋਣਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਵੋਟਰ ਜਾਗਰੂਕਤਾ ਸਬੰਧੀ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਨਾਲ ਵਿਸ਼ੇਸ਼ ਮੀਟਿੰਗਾਂ ਵੀ ਕੀਤੀਆਂ ਗਈਆਂ। ਇਸ ਮੌਕੇ ਸਵੀਪ ਨੋਡਲ ਅਫ਼ਸਰ ਪਟਿਆਲਾ ਡਾ: ਸਵਿੰਦਰ ਸਿੰਘ ਰੇਖੀ, ਚੋਣ ਤਹਿਸੀਲਦਾਰ ਸ਼੍ਰੀ ਵਿਜੇ ਕੁਮਾਰ ਸਹਾਇਕ ਨੋਡਲ ਅਫ਼ਸਰ ਮੋਹਿਤ ਕੁਮਾਰ, ਨੋਡਲ ਅਫ਼ਸਰ ਪਟਿਆਲਾ 115 ਰੁਪਿੰਦਰ ਸਿੰਘ ਸੁਪਰਵਾਈਜ਼ਰ ਰਮਨ ਪਾਲ ਸਿੰਘ ਬੀ ਐਲ ਓ ਪਰਮਜੀਤ ਸਿੰਘ ਅਤੇ ਪਰਵਿੰਦਰ ਸਿੰਘ ਵੀ ਹਾਜ਼ਰ ਸਨ।