ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪੰਜਾਬੀ ਕੰਪਿਊਟਰ ਖੇਤਰ ਨਾਲ ਸੰਬੰਧਤ ਨਾਮਵਰ ਹਸਤੀ ਸ. ਕਿਰਪਾਲ ਸਿੰਘ ਪੰਨੂੰ ਨਾਲ ਰੂ-ਬ-ਰੂ ਸਮਾਗਮ ਕਰਵਇਆ ਗਿਆ। ਇਸ ਮੌਕੇ ਉਨ੍ਹਾਂ ਪੰਜਾਬੀ ਭਾਸ਼ਾ ਵਿੱਚ ਕੰਪਿਊਟਰ ਦੀ ਵਰਤੋਂ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬੀ ਫੌਂਟਾਂ ਬਾਰੇ ਜਾਣਕਾਰੀ ਦਿੰਦਿਆਂ ਯੂਨੀਕੋਡ ਦੀ ਮਹੱਤਤਾ ਦੱਸੀ। ਉਨ੍ਹਾਂ ਕੰਪਿਊਟਰ ਟਾਇਪ ਦੌਰਾਨ ਮਾਈਕਰੋ ਬਣਾਉਣ ਦੀ ਤਕਨੀਕ ਬਾਰੇ ਵੀ ਗੱਲ ਕੀਤੀ।
ਉਨ੍ਹਾਂ ਇਸ ਮੌਕੇ ਕੰਪਿਊਟਰ ਦੀ ਵਰਤੋਂ ਦੌਰਾਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਵੀ ਦੱਸੇ। ਇਸ ਮੌਕੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਰਾਜਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬੀ ਪੀਡੀਆ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਵਿੱਚ ਕੰਪਿਊਟਰ ਖੇਤਰ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਗਰੂਕ ਕੀਤਾ। ਇਸ ਸਮਾਗਮ ਵਿੱਚ ਤਕਰੀਬਨ 150 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਭਾਗ ਮੁਖੀ ਡਾ. ਪਰਮੀਤ ਕੌਰ ਨੇ ਸਮਾਗਮ ਵਿੱਚ ਪਹੁੰਚੇ ਸ. ਕਿਰਪਾਲ ਸਿੰਘ ਪੰਨੂੰ ਦਾ ਧੰਨਵਾਦ ਕਰਦਿਆਂ ਖੋਜ ਦੇ ਖੇਤਰ ਵਿੱਚ ਕੰਪਿਊਟਰ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਇਸ ਨਾਲ਼ ਜੁੜ ਕੇ ਮਿਆਰੀ ਖੋਜ-ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੇ ਕੋਆਰਡੀਨੇਟਰ ਡਾ. ਜਸਵੀਰ ਕੌਰ ਨੇ ਸਮਾਗਮ ਦਾ ਬਾਖ਼ੂਬੀ ਸੰਚਾਲਨ ਕੀਤਾ। ਇਸ ਮੌਕੇ ਡਾ. ਰਾਜਿੰਦਰ ਲਹਿਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।