ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਕਰਕੇ ਸਭਨਾਂ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਲਾਜ਼ਮੀ ਤੌਰ ’ਤੇ ਹਿੱਸਾ ਲੈਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਹੋਏ 46ਵੀਂ ਅਥਲੈਟਿਕ ਮੀਟ ਦੇ ਸਮਾਪਤੀ ਸਮਾਰੋਹ ਮੌਕੇ ਖਿਡਾਰੀਆਂ ਅਤੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਤੋਂ ਬਾਅਦ ਸੰਬੋਧਨ ਕਰਦੇ ਹੋਏ ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਸਕੂਲ ਨੂੰ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਗੇ ਵਧਾਉਣ ਅਤੇ ਬੱਚਿਆਂ ਦੀ ਉੱਤਮ ਸਿੱਖਿਆ ਦੇ ਵਾਸਤੇ ਯੂਨੀਵਰਸਿਟੀ ਅਧਿਆਪਿਕਾਂ ਦੀਆਂ ਸੇਵਾਵਾਂ ਲਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿੱਚ ਹੋਰ ਪ੍ਰਭਾਵੀ ਭੂਮਿਕਾ ਅਦਾ ਕਰੇ। ਪ੍ਰੋ ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ਵਿੱਚ ਸੂਬਾ ਸਰਕਾਰ ਹਰ ਮਦਦ ਕਰ ਰਹੀ ਹੈ। 46ਵੀਂ ਅਥਲੈਟਿਕਸ ਮੀਟ ਵਿੱਚ ਵੱਖ-ਵੱਖ ਦੂਰੀ ਦੀਆਂ ਦੌੜਾਂ, ਵੱਖ-ਵੱਖ ਕਿਸਮ ਦੀਆਂ ਛਾਲ਼ਾਂ, ਸ਼ਾਟਪੁੱਟ, ਗੋਲ਼ਾ ਸੁੱਟਣਾ, ਡਿਸਕਸ ਆਦਿ 88 ਟਰੈਕ ਅਤੇ ਫੀਲਡ ਈਵੈਂਟਸ ਕਰਵਾਏ ਗਏ।
ਇਨ੍ਹਾਂ ਈਵੈਂਟਸ ਵਿੱਚ 520 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਬਾਲ ਕ੍ਰਿਸ਼ਨ ਨੇ ਦੱਸਿਆ ਕਿ ਕਿ ਛੋਟੇ ਬੱਚਿਆਂ ਲਈ ਕਰਵਾਈਆਂ ਗਈਆਂ ਵਿਸ਼ੇਸ਼ ਗਤੀਵਿਧੀਆਂ ਦੇ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਅਕਾਦਮਿਕ ਖੇਤਰ ਵਿੱਚ ਹਰੇਕ ਜਮਾਤ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲ਼ੇ ਵਿਦਿਆਰਥੀਆਂ ਅਤੇ ਪਿਛਲੇ ਸਮੇਂ ਦੌਰਾਨ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲ਼ੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਰਵੋਤਮ ਅਥਲੀਟ ਦਾ ਪੁਰਸਕਾਰ ਲੜਕਿਆਂ ਵਿੱਚੋਂ ਤਰਨ ਸਮਾ ਨੂੰ ਅਤੇ ਲੜਕੀਆਂ ਵਿੱਚੋਂ ਸੁਖਮਨਜੋਤ ਕੌਰ ਨੂੰ ਪ੍ਰਾਪਤ ਹੋਇਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਨਵਜੋਤ ਕੌਰ, ਡਾਇਰੈਕਟਰ ਖੇਡਾਂ ਡਾ. ਅਜਿਤਾ, ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਅਤੇ ਹੋਰ ਉਚ ਅਧਿਕਾਰੀ ਅਤੇ ਕੋਚ ਹਾਜ਼ਰ ਸਨ।