ਪਟਿਆਲਾ : ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਵਿਕਣ ਲਈ ਆਈ ਕਣਕ ਨੂੰ ਮੀਂਹ ਆਦਿ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੀਦ ਏਜੰਸੀਆਂ ਰਾਹੀਂ ਕਣਕ ਦੇ ਇਸ ਸੀਜਨ ਦੀ ਸ਼ੁਰੂਆਤ 'ਚ ਹੀ ਲੋੜੀਂਦੀਆਂ ਤਰਪਾਲਾਂ ਪੁੱਜਦੀਆਂ ਕਰਵਾ ਦਿੱਤੀਆਂ ਸਨ। ਬੀਤੇ ਦਿਨੀਂ ਖਰਾਬ ਹੋਏ ਮੌਸਮ ਅਤੇ ਅੱਜ ਸਵੇਰੇ ਪਏ ਮੀਂਹ ਤੋਂ ਬਚਾਉਣ ਲਈ 3493 ਤਰਪਾਲਾਂ ਉਪਲਬੱਧ ਰਹੀਆਂ ਸਨ, ਜਿਨ੍ਹਾਂ ਦੀ ਵਰਤੋਂ ਨਾਲ ਜਿਣਸ ਨੂੰ ਖਰਾਬ ਹੋਣ ਤੋਂ ਬਚਾਅ ਲਿਆ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਜ਼ਿਲ੍ਹੇ 'ਚ ਕਣਕ ਦੀ ਖਰੀਦ ਅਤੇ ਮੌਸਮ ਦੀ ਖਰਾਬੀ ਤੋਂ ਬਚਾਉਣ ਲਈ ਕੀਤੇ ਗਏ ਅਗੇਤੇ ਪ੍ਰਬੰਧਾਂ ਦੇ ਚਲਦਿਆਂ ਸਾਰੀਆਂ ਖਰੀਦ ਏਜੰਸੀਆਂ ਮੁਸ਼ਤੈਦ ਹਨ। ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਭਾਵੇਂ ਹੁਣ ਕਣਕ ਦਾ ਮੌਜੂਦਾ ਸੀਜਨ ਪੂਰੇ ਸਿਖ਼ਰ 'ਤੇ ਹੈ ਅਤੇ ਆਉਂਦੇ ਕੁਝ ਦਿਨਾਂ 'ਚ ਇਹ ਸੀਜਨ ਪੂਰਾ ਸਮੇਟ ਲਿਆ ਜਾਵੇਗਾ।
ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਨਗ੍ਰੇਨ ਵਲੋਂ 1646, ਮਾਰਕਫੈਡ ਨੇ 241, ਵੇਅਰਹਾਊਸ ਨੇ 1476 ਤੇ ਪਨਸਪ ਨੇ 130 ਤਰਪਾਲਾਂ ਖਰੀਦ ਕੇਂਦਰਾਂ 'ਚ ਪਹੁੰਚਾ ਦਿੱਤੀਆਂ ਸਨ। ਸਿੱਟੇ ਵਜੋਂ ਮੰਡੀਆਂ 'ਚ ਆਈ ਕਿਸਾਨਾਂ ਦੀ ਜਿਣਸ ਨੂੰ ਬੇਮੌਸਮੀ ਬਰਸਾਤ ਤੋਂ ਬਚਾਉਣ ਲਈ ਅਗੇਤੇ ਪ੍ਰਬੰਧਾਂ ਕਰਕੇ ਭਿਜਣ ਤੋਂ ਬਚਾਅ ਲਿਆ ਗਿਆ।
ਇਸੇ ਦੌਰਾਨ ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਖਰੀਦ ਕੇਂਦਰਾਂ 'ਚੋਂ ਸੂਚਨਾ ਹਾਸਲ ਕੀਤੀ ਹੈ ਅਤੇ ਕਿਸੇ ਵੀ ਮੰਡੀ 'ਚ ਕਣਕ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਾਰੀਆਂ ਢੇਰੀਆਂ ਨੂੰ ਸਮਾਂ ਰਹਿੰਦੇ ਢਕ ਲਿਆ ਗਿਆ ਸੀ।