ਮਾਲੇਰਕੋਟਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਨਵੀਂ ਖੇਤੀ ਨੀਤੀ ਅਤੇ ਭਖਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੇ ਪੰਜ ਰੋਜ਼ਾ ਪੱਕੇ ਮੋਰਚੇ ਸੈਂਕੜਿਆਂ ਦੀ ਤਾਦਾਦ ਵਿੱਚ ਦੂਸਰੀ ਰਾਤ ਕੜਾਕੇ ਦੀ ਠੰਢ 'ਚ ਕੱਟਣ ਮਗਰੋਂ ਤੀਜੇ ਦਿਨ ਹੋਰ ਵੀ ਭਰਵੇਂ ਹੋ ਗਏ।
ਪ੍ਰੈੱਸ ਦੇ ਨਾਂ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਨੇ ਦੱਸਿਆ ਕਿ ਅੱਜ ਵੀ ਜ਼ਿਲ੍ਹੇ ਵਿੱਚ ਸੈਂਕੜੇ ਔਰਤਾਂ ਅਤੇ ਭਾਰੀ ਗਿਣਤੀ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋਏ।ਵਾਅਦਾ ਖਿਲਾਫੀ ਦੇ ਕਾਰਨ ਦੋਸ਼ੀ ਮਾਨ ਸਰਕਾਰ ਵਿਰੁੱਧ ਕਿਸਾਨਾਂ ਦਾ ਰੋਹ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਜ਼ਾਹਰ ਹੋ ਰਿਹਾ ਸੀ। ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਇੱਕਸੁਰ ਹੋ ਕੇ ਜ਼ੋਰਦਾਰ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਤੁਰੰਤ ਜਾਰੀ ਕਰੋ; ਕਿਸਾਨਾਂ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਕਰ ਰਹੇ ਸਮੁੱਚੇ ਕਰਜ਼ਿਆਂ 'ਤੇ ਲੀਕ ਮਾਰੋ; ਕਰਜਾ ਗ੍ਰਸਤ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ 1-1 ਪੱਕੀ ਨੌਕਰੀ ਅਤੇ ਮੁਕੰਮਲ ਕਰਜ਼ਾ ਮੁਕਤੀ ਦੀ ਰਾਹਤ ਤੁਰੰਤ ਦਿਓ; ਪੰਜਾਬ ਦੀ ਜਵਾਨੀ ਨੂੰ ਮੌਤ ਦੇ ਮੂੰਹ ਧੱਕ ਰਹੇ ਤੇ ਗੁੰਡਾਗਰਦੀ ਨੂੰ ਸਿਖਰੀ ਪਹੁੰਚਾ ਰਹੇ
ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੇ ਖਾਤਮੇ ਲਈ ਉਤਪਾਦਕ ਫੈਕਟਰੀਆਂ ਦੇ ਮਾਲਕਾਂ/ਥੋਕ ਵਪਾਰੀਆਂ/ਸਮਗਲਰਾਂ ਤੇ ਉਨ੍ਹਾਂ ਦੇ ਸਰਪ੍ਰਸਤ ਸਿਆਸਤਦਾਨਾਂ ਸਮੇਤ ਉੱਚ ਪੁਲਿਸ/ਸਿਵਲ ਅਫ਼ਸਰਸ਼ਾਹੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੋ ਅਤੇ ਨਸ਼ਿਆਂ ਦੇ ਜਾਲ਼ ਵਿੱਚ ਫ਼ਸੇ ਨਸ਼ੇੜੀਆਂ ਦੇ ਇਲਾਜ ਦੇ ਪੁਖਤਾ ਪ੍ਰਬੰਧ ਕਰੋ; ਹੜ੍ਹਾਂ, ਫਸਲੀ ਰੋਗਾਂ, ਨਕਲੀ ਬੀਜਾਂ ਦਵਾਈਆਂ ਆਦਿ ਨਾਲ ਹੋਈ ਫ਼ਸਲੀ ਤਬਾਹੀ ਦੀ ਪੂਰੀ ਭਰਪਾਈ ਵਾਲਾ ਮੁਆਵਜ਼ਾ ਏਕੜ ਨੂੰ ਆਧਾਰ ਮੰਨ ਕੇ ਕਾਸ਼ਤਕਾਰਾਂ ਨੂੰ ਤੁਰੰਤ ਦਿਓ; ਕਾਸ਼ਤਕਾਰਾਂ ਦੀ ਜ਼ਮੀਨੀ ਤੋਟ ਪੂਰੀ ਕਰਨ ਤੇ ਆਬਾਦ ਕਾਰ ਕਿਸਾਨਾਂ ਮਜ਼ਦੂਰਾਂ ਨੂੰ ਕਾਬਜ਼ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿਓ; ਹਰ ਬਾਲਗ ਪੰਜਾਬੀ ਨੂੰ ਪੱਕਾ ਰੁਜ਼ਗਾਰ ਦਿਓ; 60 ਸਾਲ ਤੋਂ ਵੱਧ ਉਮਰ ਦੇ ਹਰ ਕਿਸਾਨ ਮਜ਼ਦੂਰ ਮਰਦ ਔਰਤ ਨੂੰ 10000 ਰੁਪਏ ਮਹੀਨਾ ਪੈਨਸ਼ਨ ਦਿਓ; ਅਵਾਰਾ ਪਸ਼ੂਆਂ ਤੇ ਕੁੱਤਿਆਂ ਸਮੇਤ ਸੂਰਾਂ ਦਾ ਸਥਾਈ ਹੱਲ ਕਰੋ; ਸਰਕਾਰੀ ਪ੍ਰਬੰਧਾਂ ਦੀ ਘਾਟ ਕਾਰਨ ਪਰਾਲ਼ੀ ਸਾੜਨ ਲਈ ਮਜਬੂਰ ਕਿਸਾਨਾਂ ਉੱਤੇ ਮੜੇ ਗਏ ਜੁਰਮਾਨੇ, ਪੁਲਿਸ ਕੇਸ ਤੇ ਲਾਲ ਐਂਟਰੀਆਂ ਰੱਦ ਕਰੋ; ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਅਤੇ ਫਾਲਤੂ ਦਰਿਆਈ ਪਾਣੀ ਸਮੇਤ ਹੜ੍ਹਾਂ ਦਾ ਪਾਣੀ ਧਰਤੀ ਵਿੱਚ ਮੁੜ-ਭਰਾਈ ਕਰਨ ਦੇ ਪ੍ਰਬੰਧ ਤੁਰੰਤ ਕਰੋ; ਗੰਨਾ ਉਤਪਾਦਕਾਂ ਦੇ ਮਿੱਲਾਂ ਵੱਲ ਖੜ੍ਹੇ ਕ੍ਰੋੜਾਂ ਰੁਪਏ ਦੇ ਬਕਾਏ ਤੁਰੰਤ ਅਦਾ ਕਰੋ ਅਤੇ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਕਰੋ
ਕਿਸਾਨ ਦੇ ਵੱਸੋਂ ਬਾਹਰੀ ਹਰ ਕਿਸਮ ਦੀ ਫਸਲੀ ਤਬਾਹੀ ਦੀ ਪੂਰੀ ਭਰਪਾਈ ਵਾਲ਼ਾ ਫ਼ਸਲੀ ਬੀਮਾ ਸਰਕਾਰੀ ਖਰਚੇ 'ਤੇ ਲਾਗੂ ਕਰੋ; ਖੇਤੀ ਮੋਟਰਾਂ ਅਤੇ ਘਰੇਲੂ ਬਿਜਲੀ ਸਪਲਾਈ ਵਿੱਚ ਸਮਾਰਟ ਮੀਟਰ ਲਾਉਣੇ ਬੰਦ ਕਰੋ।ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਨਿਰਮਲ ਅਲੀਪੁਰ, ਰਜਿੰਦਰ ਸਿੰਘ ਭੋਗੀਵਾਲ, ਰਵਿੰਦਰ ਸਿੰਘ ਕਾਸਾਮਪੁਰ, ਸਰਬਜੀਤ ਸਾਬਰੀ, ਗੁਰਮੇਲ ਕੌਰ ਦੁੱਲਮਾਂ, ਗੁਰਮੀਤ ਕੌਰ ਕੁਠਾਲਾ,ਹਰਬੰਸ ਕੌਰ ਭੋਗੀਵਾਲ,ਚਰਨਜੀਤ ਸਿੰਘ ਹਥਨ, ਜਗਤਾਰ ਸਿੰਘ ਸਰੌਦ, ਚਮਕੌਰ ਸਿੰਘ ਚੌਦਾਂ,ਗੁਰਪ੍ਰੀਤ ਸਿੰਘ ਹਥਨ, ਇਕਾਈ ਪੱਧਰੇ ਸਥਾਨਕ ਆਗੂ ਸ਼ਾਮਲ ਸਨ। ਉਨ੍ਹਾਂ ਦੋਸ਼ ਲਾਇਆ ਕਿ ਫ਼ਸਲੀ ਤਬਾਹੀਆਂ ਦੇ ਮੁਆਵਜ਼ੇ ਤੇ ਸ਼ਹੀਦ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ ਨੌਕਰੀਆਂ ਲੈਣ ਲਈ ਅਤੇ ਜ਼ਮੀਨਾਂ ਤੇ ਘਰ ਜ਼ਬਰਦਸਤੀ ਅਕਵਾਇਰ/ਨਿਲਾਮ ਕਰਨ ਵਿਰੁੱਧ ਮਹੀਨਿਆਂ ਬੱਧੀ ਚੱਲ ਰਹੇ ਪੱਕੇ ਮੋਰਚਿਆਂ ਨੂੰ ਨਜ਼ਰਅੰਦਾਜ਼ ਕਰਕੇ ਮਾਨ ਸਰਕਾਰ ਆਪਣੇ ਕਿਸਾਨ ਮਜ਼ਦੂਰ ਵਿਰੋਧੀ ਕਿਰਦਾਰ ਉੱਤੇ ਮੋਹਰ ਲਾ ਰਹੀ ਹੈ।ਇਨ੍ਹਾਂ ਪੰਜ ਰੋਜ਼ਾ ਧਰਨਿਆਂ ਦੀ ਆਵਾਜ਼ ਨੂੰ ਵੀ ਮਾਨ ਸਰਕਾਰ ਵੱਲੋਂ ਅਣਸੁਣੀ ਕਰਨ ਦੀ ਸੂਰਤ ਵਿੱਚ ਮੋਰਚੇ ਦਾ ਅਗਲਾ ਪੜਾਅ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਉਣਾ ਹੋਵੇਗਾ, ਜਿਸਦੇ ਸਮਾਂ ਸਥਾਨ ਬਾਰੇ ਐਲਾਨ 10 ਫ਼ਰਵਰੀ ਨੂੰ ਕੀਤਾ ਜਾਵੇਗਾ