ਪੰਜਾਬੀ ਜਗਤ ਨਾਲ਼ ਸੰਬੰਧਤ ਪ੍ਰਸਿੱਧ ਥੀਏਟਰ ਅਤੇ ਸਿਨੇਮਾ ਸ਼ਖ਼ਸੀਅਤ ਸ੍ਰੀ ਲਲਿਤ ਬਹਿਲ ਦੇ ਅਕਾਲ ਚਲਾਣੇ ਉਪਰ ਪੰਜਾਬੀ ਯੂਨੀਵਰਸਿਟੀ ਵਿਚਲੇ ਕਲਾ ਨਾਲ਼ ਸੰਬੰਧਤ ਵਿਭਾਗਾਂ ਵਲੋਂ ਗਹਿਰਾ ਦੁਖ ਪ੍ਰਗਟਾਇਆ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਬਹਿਲ ਅਦਾਕਾਰ, ਨਿਰਦੇਸ਼ਕ, ਪ੍ਰੋਡਿਊਸਰ ਅਤੇ ਲੇਖਕ ਵਜੋਂ ਕਲਾ ਦੀ ਦੁਨੀਆਂ ਵਿੱਚ ਕਾਰਜਸ਼ੀਲ ਸਨ। ਡੀਨ ਆਰਟਸ ਫੈਕਲਟੀ ਡਾ. ਯਸ਼ਪਾਲ ਸ਼ਰਮਾ ਅਤੇ ਮੁਖੀ, ਥੀਏਟਰ ਵਿਭਾਗ ਡਾ. ਜਸਪਾਲ ਦਿਓਲ ਵਲੋਂ ਇਸ ਸੰਬੰਧੀ ਸ਼ੋਕ ਪ੍ਰਗਟਾਉਂਦਿਆਂ ਕਿਹਾ ਗਿਆ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ਼ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਜਦੋਂ ਵੀ ਪਟਿਆਲੇ ਆਉਂਦੇ ਸਨ ਤਾਂ ਪੰਜਾਬੀ ਯੂਨੀਵਰਸਿਟੀ ਵਿਖੇ ਕਲਾ ਨਾਲ਼ ਜੁੜੇ ਵਿਦਿਆਰਥੀਆਂ ਨਾਲ਼ ਆਪਣੇ ਖੇਤਰ ਦਾ ਵਡਮੁੱਲਾ ਗਿਆਨ ਅਤੇ ਅਨੁਭਵ ਸਾਂਝਾ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਬਹਿਲ ਅਦਾਕਾਰੀ ਅਤੇ ਨਿਰਦੇਸ਼ਨ ਦੇ ਖੇਤਰ ਵਿਚ ਮਹੀਨ ਸਮਝ ਰੱਖਣ ਵਾਲੀ ਅਹਿਮ ਸ਼ਖ਼ਸੀਅਤ ਸਨ। ਜ਼ਿਕਰਯੋਗ ਹੈ ਕਿ ਮਰਹੂਮ ਸ੍ਰੀ ਲਲਿਤ ਬਹਿਲ ਦੇ ਹਮਸਫ਼ਰ ਡਾ. ਨਵਨਿੰਦਰ ਬਹਿਲ, ਵੀ ਪ੍ਰਸਿੱਧ ਥੀਏਟਰ ਸ਼ਖ਼ਸੀਅਤ ਹਨ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਤੋਂ ਪ੍ਰੋਫ਼ੈਸਰ ਅਤੇ ਮੁਖੀ ਵਜੋਂ ਸੇਵਾ ਮੁਕਤ ਹੋਏ ਹਨ। ਇਸ ਸੰਬੰਧੀ ਸ਼ੋਕ ਪ੍ਰਗਟਾਉਣ ਵਾਲਿਆਂ ਵਿਚ ਡਾ. ਨਮਰਤਾ ਸ਼ਰਮਾ, ਡਾ. ਸੁਨੀਤਾ ਧੀਰ, ਡਾ. ਗੁਰਚਰਨ , ਡਾ. ਨਿਵੇਦਿਤਾ, ਡਾ. ਅਲੰਕਾਰ ਸਿੰਘ, ਡਾ. ਇੰਦਰਾ ਬਾਲੀ, ਡਾ. ਲੱਖਾ ਲਹਿਰੀ, ਦਲਜੀਤ ਡਾਲੀ ਆਦਿ ਸ਼ਾਮਿਲ ਸਨ।