ਮਲੇਰਕੋਟਲਾ : ਪੰਜਾਬ ਵਿੱਚ ਜਾਗਰੂਕ ਲੋਕਾਂ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਸਰਗਰਮ ਆਗੂ ਪਰਮਿੰਦਰ ਸਿੰਘ ਝੋਟਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਅੱਜ ਹਲਕੇ ਦੇ ਪਿੰਡ ਗੁਆਰਾ, ਮੁਹਾਲੀ ਕਲਾਂ, ਕਲਿਆਣ ਅਤੇ ਹਥਨ ਸਮੇਤ ਵੱਖ- ਵੱਖ ਪਿੰਡਾਂ ਵਿੱਚ ਲੋਕ ਮਿਲਣੀਆਂ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਹੋ ਕੇ ਲਾਮਬੰਦ ਹੋਣ ਦਾ ਹੋਕਾ ਦਿੱਤਾ । ਵੱਖ ਵੱਖ ਪਿੰਡਾਂ ਵਿੱਚ ਹੋਏ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਨਸ਼ਿਆਂ ਖਾਸ ਕਰਕੇ ਚਿੱਟੇ ਦਾ ਬੋਲਬਾਲਾ ਹੱਦੋ ਵਧ ਗਿਆ ਹੈ, ਜਿਸ ਕਾਰਨ ਗੁੰਮਰਾਹ ਹੋਏ ਨੌਜਵਾਨ ਆਏ ਦਿਨ ਆਪਣੀ ਜਾਨ ਤੋਂ ਹੱਥ ਗਵਾ ਰਹੇ ਹਨ ਅਤੇ ਬੁੱਢੇ ਮਾਪਿਆਂ ਨੂੰ ਆਪਣੇ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਮੋਢਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਕਿ ਬੇਹਦ ਹੀ ਚਿੰਤਾ ਦਾ ਵਿਸ਼ਾ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਪੂਰੀ ਦ੍ਰਿੜਤਾ ਦੇ ਨਾਲ ਨਸ਼ਿਆਂ ਵਿਰੁੱਧ ਲੜਾਈ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਬੇਸ਼ੱਕ ਸਰਕਾਰ ਜਾਂ ਪ੍ਰਸ਼ਾਸਨ ਸਾਥ ਦੇਵੇ ਜਾਂ ਨਾ ਦੇਵੇ ਪਰ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਪਿੰਡ ਜਾਂ ਇਲਾਕੇ ਵਿੱਚ ਨਸ਼ਾ ਕਿਸੇ ਵੀ ਸੂਰਤ ਵਿੱਚ ਨਹੀਂ ਵਿਕਣ ਦਿੱਤਾ ਜਾਵੇਗਾ । ਉਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਪਿੰਡਾਂ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਬਣਾਈਆਂ ਨਸ਼ਾ ਵਿਰੋਧੀ ਕਮੇਟੀਆਂ ਦਾ ਪੂਰਾ ਸਾਥ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾ ਸਕੇ। ਪਰਮਿੰਦਰ ਸਿੰਘ ਝੋਟਾ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਐਮ ਪੀ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਨੌਜਵਾਨਾਂ ਨੂੰ ਜਿੰਮ ਅਤੇ ਖੇਡ ਕਿੱਟਾਂ ਵੰਡ ਕੇ ਨਸ਼ਿਆਂ ਤੋਂ ਦੂਰ ਰੱਖਣ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਆਪਣੇ ਸੰਬੋਧਨ ਦੌਰਾਨ ਸ. ਸੰਧੂ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਅਨੇਕਾਂ ਨੌਜਵਾਨ ਆਗੂਆਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪੰਜਾਬ ਦੇ ਸੁਨਹਿਰੀ ਭਵਿੱਖ ਲਈ ਇਹਨਾਂ ਨਸ਼ਾ ਵਿਰੋਧੀ ਮੁਹਿੰਮਾਂ ਵਿੱਚ ਹਰ ਕਿਸੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਐਮ ਪੀ ਸ. ਸਿਮਰਨਜੀਤ ਸਿੰਘ ਮਾਨ ਆਪਣੇ ਪਿਛਲੇ ਡੇਢ ਸਾਲ ਦੇ ਕਾਰਜ ਕਾਲ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹੁਣ ਤੱਕ ਅਨੇਕਾਂ ਹੀ ਇੰਡੋਰ ਅਤੇ ਓਪਨ ਜਿੰਮਾ ਵੰਡ ਚੁੱਕੇ ਹਨ। ਇਸ ਤੋਂ ਇਲਾਵਾ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣ ਲਈ ਸੈਂਕੜੇ ਖੇਡ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ, ਜਿੰਨਾ ਸਦਕਾ ਖੇਡ ਮੈਦਾਨਾਂ ਵਿੱਚ ਮੁੜ ਤੋਂ ਚਹਿਲ ਪਹਿਲ ਵਧਣ ਲੱਗੀ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਹੜ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਯਤਨ ਕਰਨ ਦੀ ਲੋੜ ਹੈ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਕਿ ਵੱਖ-ਵੱਖ ਇਲਾਕਿਆਂ ਵਿੱਚ ਨਸ਼ਾ ਵਿਰੋਧੀ ਮੁਹਿੰਮਾਂ ਚਲਾਉਣ ਵਾਲੇ ਨੌਜਵਾਨ ਆਗੂਆਂ ਨੂੰ ਪੂਰਾ ਸਾਥ ਦਿੱਤਾ ਜਾਵੇ ਅਤੇ ਉਨਾਂ ਨੌਜਵਾਨ ਆਗੂਆਂ ਵਿਰੁੱਧ ਨਸ਼ਾ ਤਸ਼ਕਰਾਂ ਦੀ ਸ਼ਿਕਾਇਤ ਉਪਰ ਕੋਈ ਵੀ ਝੂਠਾ ਪਰਚ ਦਰਜ ਕਰਕੇ ਨਸ਼ਾ ਵਿਰੋਧੀ ਲਹਿਰ ਨੂੰ ਠੰਡਾ ਨਾ ਪਾਇਆ ਜਾਵੇ।ਇਸ ਮੌਕੇ ਜਿਲਾ ਮਲੇਰਕੋਟਲਾ ਦੇ ਪ੍ਰਧਾਨ ਹਰਦੇਵ ਸਿੰਘ ਪੱਪੂ, ਮੀਤ ਪ੍ਰਧਾਨ ਹਾਜੀ ਅਨਵਰ ਅਹਿਮਦ ਉਰਫ ਬਿੱਟੂ ਚੌਹਾਨ , ਸਰਪੰਚ ਗੁਰਸ਼ਿੰਦਰ ਸਿੰਘ , ਅਰਸ਼ਦ ਬਾਬਾ, ਹਰਦੀਪ ਸਿੰਘ ਨਾਰੀਕੇ, ਮਨਪ੍ਰੀਤ ਕੌਰ ਮੰਨਤ, ਲਖਬੀਰ ਸਿੰਘ ਲੱਖਾ, ਸਰਪੰਚ ਸੂਰਤ ਸਿੰਘ, ਸਰਪੰਚ ਗੁਰਮੁਖ ਸਿੰਘ, ਸਰਪੰਚ ਮਲਕੀਤ ਸਿੰਘ, ਨਿਸ਼ਾਨ ਸਿੰਘ ਸਾਬਕਾ ਸਰਪੰਚ,, ਹਰਦੀਪ ਸਿੰਘ ਮੈਂਬਰ, ਗੁਰਬਖਸ਼ ਸਿੰਘ, ਦਰਬਾਰਾ ਸਿੰਘ, ਤਰਕਸ਼ਦੀਪ ਸਿੰਘ ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪਵਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।