ਪਟਿਆਲਾ : ਲੋਕ ਸਭਾ ਹਲਕਾ ਪਟਿਆਲਾ-13 ਦੇ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਹਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਪਟਿਆਲਾ ਜ਼ਿਲ੍ਹੇ 'ਚ ਤਾਇਨਾਤ ਕੇਂਦਰ ਤੇ ਰਾਜ ਸਰਕਾਰ ਦੇ ਸਾਰੇ ਮੰਤਰਾਲਿਆਂ, ਵਿਭਾਗਾਂ, ਬੋਰਡਾਂ ਕਾਰਪੋਰੇਸ਼ਨਾਂ, ਬੈਂਕਾਂ, ਬੀਮਾ ਕੰਪਨੀਆਂ ਆਦਿ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸੂਚੀਆਂ 23 ਫਰਵਰੀ ਤੱਕ ਆਨ ਲਾਈਨ ਪੋਰਟਲ ਨੈਕਸਟਜੈਨਡਾਈਸ ਡਾਟ ਪੰਜਾਬ ਡਾਟ ਜੀਓਵੀ ਡਾਟ ਇਨ
ਵਿੱਚ ਡਾਟਾ ਐਂਟਰੀ ਰਾਹੀਂ ਅਪਡੇਟ ਕਰਨੀਆਂ ਯਕੀਨੀ ਬਣਾਈਆਂ ਜਾਣ। ਸ਼ੌਕਤ ਅਹਿਮਦ ਪਰੈ ਲੋਕ ਸਭਾ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀਆਂ ਡਿਊਟੀਆਂ ਲਾਉਣ ਲਈ ਸਮੂਹ ਵਿਭਾਗਾਂ ਦੇ ਮੁਲਾਜਮਾਂ ਦੀਆਂ ਸੂਚੀਆਂ ਸਬੰਧੀਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗੀ ਮੁਖੀਆਂ ਨਾਲ ਇੱਕ ਮੀਟਿੰਗ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗੀ ਮੁਖੀਆਂ ਦੀ ਜਿੰਮੇਵਾਰੀ ਇਸ ਪੱਖੋਂ ਤੈਅ ਹੈ ਕਿ ਉਹ ਅਜਿਹੀਆਂ ਸੂਚੀਆਂ ਭੇਜਕੇ ਤਸਦੀਕ ਵੀ ਕਰਨਗੇ ਕਿ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਸੂਚੀ ਤੋਂ ਬਾਹਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਚੋਣ ਅਮਲ ਸ਼ੁਰੂ ਹੁੰਦਿਆਂ ਹੀ ਸਮੂਹ ਮੁਲਾਜਮ ਚੋਣ ਕਮਿਸ਼ਨ ਦੇ ਅਧੀਨ ਆ ਜਾਂਦੇ ਹਨ, ਇਸ ਲਈ ਕੋਈ ਕੁਤਾਹੀ ਲੋਕ ਪ੍ਰਤੀਨਿਧਤਾ ਐਕਟ ਤਹਿਤ ਇੱਕ ਸਜਾਯੋਗ ਅਪਰਾਧ ਹੈ ਅਤੇ ਇਸ ਬਾਰੇ ਮੁਲਾਜਮਾਂ ਦੀ ਸਾਲਾਨਾ ਗੁਪਤ ਰਿਪੋਰਟ ਤੇ ਸੇਵਾ ਪੱਤਰੀ 'ਚ ਇੰਦਰਾਜ ਦਰਜ ਕੀਤਾ ਜਾਵੇਗਾ, ਇਸ ਲਈ ਸਾਰੇ ਵਿਭਾਗੀ ਮੁੱਖੀ ਇਹ ਯਕੀਨੀ ਬਣਾਉਣਗੇ ਕਿ 100 ਫੀਸਦੀ ਮੁਲਾਜਮਾਂ ਦੀਆਂ ਸੂਚੀਆਂ ਭੇਜਣ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਸ ਮੌਕੇ ਮੌਜੂਦ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੇ ਨਾਲ ਵੀ.ਵੀ.ਪੈਟ ਦੀ ਮਸ਼ੀਨ ਲੱਗਣ ਕਰਕੇ ਵਾਧੂ ਚੋਣ ਅਮਲੇ ਦੀ ਲੋੜ ਪਵੇਗੀ, ਜਿਸ ਲਈ ਗਰੁਪ ਏ ਤੋਂ ਸੀ ਤੱਕ ਸਾਰੇ ਕਰਮਚਾਰੀਆਂ ਦੀਆਂ ਸੂਚੀਆਂ ਭੇਜੀਆਂ ਜਾਣ ਪ੍ਰੰਤੂ ਦਿਵਿਆਂਗ, ਚੌਥਾ ਦਰਜਾ, ਡਰਾਈਵਰ, ਚੌਕੀਦਾਰ ਅਤੇ ਚੋਣ ਡਿਊਟੀ ਨਿਭਾਉਣ ਤੋਂ ਅਸਮਰੱਥ ਕਰਮੀ ਬਾਰੇ ਵੱਖਰੇ ਤੌਰ 'ਤੇ ਸੂਚਨਾ ਦਿੱਤੀ ਜਾਵੇ ਪਰੰਤੂ ਜਾਣ ਬੁਝ ਕੇ ਕਿਸੇ ਦਾ ਨਾਮ ਨਾ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾ ਤੇ ਹੋਰ ਕਿਸੇ ਤਰ੍ਹਾਂ ਦੀ ਸਰੀਰਕ ਮਜ਼ਬੂਰੀ ਵਾਲੇ ਅਮਲੇ ਨੂੰ ਚੋਣ ਡਿਊਟੀ ਤੋਂ ਬਾਅਦ ਵਿੱਚ ਛੋਟ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀ ਸੰਜੀਵ ਸ਼ਰਮਾ ਨੇ ਆਨ ਲਾਈਨ ਪੋਰਟਲ ਉਪਰ ਡਾਟਾ ਐਂਟਰੀ ਬਾਰੇ ਸਿਖਲਾਈ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀ ਵੈਬਸਾਇਟਪਟਿਆਲਾ ਡਾਟ ਐਨ.ਆਈ.ਸੀ. ਡਾਟ ਇਨ ਦੇ ਲਿੰਕ
ਉਪਰ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਇਸ ਕਰਕੇ ਆਨ ਲਾਈਨ ਸਾਫਟਵੇਅਰ ਰਾਹੀਂ ਡਾਟਾ ਪੋਰਟਲ ਉਪਰ ਜਮਾਂ ਕਰਵਾਇਆ ਜਾਵੇ। ਇਸ ਮੌਕੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਸਮੇਤ ਹੋਰ ਵੱਡੀ ਗਿਣਤੀ 'ਚ ਵਿਭਾਗੀ ਮੁਖੀ ਮੌਜੂਦ ਸਨ।