ਪਟਿਆਲਾ : ਪੰਜਾਬ ਅਕੈਡਮੀ ਆਫ਼ ਸਾਇੰਸਜ਼ ਵੱਲੋਂ ਪੋਫ਼ੈਸਰ ਅਸ਼ੋਕ ਮਲਿਕ ਨੂੰ ਆਨਰੇਰੀ ਫ਼ੈਲੋਸਿ਼ਪ ਪ੍ਰਦਾਨ ਕੀਤੀ ਗਈ ਹੈ। ਪ੍ਰੋ. ਮਲਿਕ ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵਿੱਚ ਕਾਰਜਸ਼ੀਲ ਹਨ। ਯੂਨੀਵਰਸਿਟੀ ਵਿੱਚ ਉਹ ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਵਰਗੇ ਅਹੁਦਿਆਂ ਉੱਤੇ ਵੀ ਰਹਿ ਚੁੱਕੇ ਹਨ। ਉਨ੍ਹਾਂ ਵੱਲੋਂ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਬਦਲੇ ਅਕੈਡਮੀ ਦੀ ਕਾਰਜਕਾਰੀ ਕੌਂਸਲ ਵੱਲੋਂ ਉਨ੍ਹਾਂ ਨੂੰ ਇਹ ਫ਼ੈਲੋਸਿ਼ਪ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ। ਅਕੈਡਮੀ ਵੱਲੋਂ ਪਿਛਲੇ ਦਿਨੀਂ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਆਯੋਜਿਤ ਕਰਵਾਈ ਗਈ 27ਵੀਂ ਪੰਜਾਬ ਸਾਇੰਸ ਕਾਂਗਰਸ ਦੇ ਉਦਘਾਟਨੀ ਸਮਾਰੋਹ ਵਿੱਚ ਉਨ੍ਹਾਂ ਨੂੰ ਰਸਮੀ ਰੂਪ ਵਿੱਚ ਇਹ ਫ਼ੈਲੋਸਿ਼ਪ ਪ੍ਰਦਾਨ ਕੀਤੀ ਗਈ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਉਨ੍ਹਾਂ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਤਰੱਕੀਆਂ ਨਾਲ਼ ਅਦਾਰੇ ਦੇ ਮਾਣ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨਾ ਹੋਰ ਵੀ ਵਧੇਰੇ ਮਹੱਤਵਪੂਰਣ ਹੈ। ਪੰਜਾਬ ਅਕੈਡਮੀ ਆਫ਼ ਸਾਇੰਸਜ਼ ਦੇ ਸਕੱਤਰ ਪ੍ਰੋ. ਤਿਰਲੋਕ ਸਿੰਘ ਨੇ ਦੱਸਿਆ ਕਿ ਵਿਗਿਆਨ ਵਿਸ਼ੇ ਦੀ ਖੋਜ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲ਼ੀਆਂ ਭਾਰਤੀ ਅਤੇ ਵਿਦੇਸ਼ੀ ਸ਼ਖ਼ਸੀਅਤਾਂ ਨੂੰ ਹਰ ਸਾਲ ਇਹ ਫ਼ੈਲੋਸਿ਼ਪ ਪ੍ਰਦਾਨ ਕੀਤੀ ਜਾਂਦੀ ਹੈ। ਇਸੇ ਲੜੀ ਵਿੱਚ ਪ੍ਰੋ. ਅਸ਼ੋਕ ਮਲਿਕ ਵੱਲੋਂ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਇਹ ਫ਼ੈਲੋਸਿ਼ਪ ਪ੍ਰਦਾਨ ਕੀਤੀ ਗਈ ਹੈ।