ਮਾਲੇਰਕੋਟਲਾ : ਇਥੇ ਰਾਏਕੋਟ ਰੋਡ ਵਿਖੇ ਸਥਿਤ ਇਕ ਮੈਰਿਜ ਪੈਲੇਸ ਵਿਚ ਅਕਾਲੀ ਨੇਤਾ ਡਾ. ਸਿਰਾਜ ਚੱਕ ਦੀ ਭਤੀਜੀ ਦੇ ਵਿਆਹ ਵਿਚ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨਾਲ ਟਕਸਾਲੀ ਅਕਾਲੀਆਂ ਨੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਬਾਰੇ ਲੰਮੀਆਂ ਸਿਆਸੀ ਵਿਚਾਰਾਂ ਕੀਤੀਆਂ ਅਤੇ ਭਰੋਸਾ ਪ੍ਰਗਟ ਕੀਤਾ ਕਿ ਬੀਬਾ ਜ਼ਾਹਿਦਾ ਸੁਲੇਮਾਨ ਨੇ ਹਲਕੇ ਵਿਚ ਸ਼੍ਰ੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜਿਹੜੀ ਜੱਦੋ-ਜਹਿਦ ਸ਼ੁਰੂ ਕੀਤੀ ਹੋਈ ਹੈ, ਉਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਅਕਾਲੀ ਵਰਕਰਾਂ ਨੂੰ ਇਕ ਆਸ ਬੱਝ ਗਈ ਹੈ ਕਿ ਹੁਣ ਉਨ੍ਹਾਂ ਦਾ ਹਲਕਾ ਲਾਵਾਰਿਸ ਨਹੀਂ ਰਿਹਾ।
ਲੋਕ ਮਸਲਿਆਂ ਉਠਾਉਣ ਲਈ ਹਲਕਾ ਇੰਚਾਰਜ ਕਿਸੇ ਪੱਖੋਂ ਵੀ ਪਿੱਛੇ ਨਹੀਂ ਰਹਿੰਦੇ। ਵਿਆਹ ਤੋਂ ਫ਼ਾਰਗ਼ ਹੋਣ ਤੋਂ ਬਾਅਦ ਜਦ ਪੱਤਰਕਾਰਾਂ ਨੇ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਸਥਿਤੀ ਵਿਚ ਹੈ ਅਤੇ ਪੰਜਾਬ ਦੇ ਲੋਕ ਮੁੜ ਅਪਣੀ ਖੇਤਰੀ ਪਾਰਟੀ ਵੱਲ ਮੁੜ ਰਹੇ ਹਨ। ਲੋਕ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ਉਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਵੇਗੀ। ਇਹ ਪੁੱਛੇ ਜਾਣ ’ਤੇ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਕੌਣ ਹੋਵੇਗਾ? ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲੈਣਾ ਹੈ, ਪਾਰਟੀ ਜਿਸ ਨੂੰ ਵੀ ਉਮੀਦਵਾਰ ਬਣਾਏਗੀ, ਮਾਲੇਰਕੋਟਲਾ ਹਲਕੇ ਤੋਂ ਉਸ ਨੂੰ ਜੇਤੂ ਬਣਾਇਆ ਜਾਵੇਗਾ। ਇਹ ਪੁੱਛੇ ਜਾਣ ’ਤੇ ਕਿ ਕੀ ਭਾਜਪਾ ਨਾਲ ਗਠਜੋੜ ਹੋ ਜਾਣ ਕਾਰਨ ਮਾਲੇਰਕੋਟਲਾ ਦੀ ਬਹੁ-ਗਿਣਤੀ ਮੁਸਲਿਮ ਸੀਟ ਉਤੇ ਕੋਈ ਅਸਰ ਪਵੇਗਾ? ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਸ ਬਾਰੇ ਉਦੋਂ ਟਿਪਣੀ ਕਰਾਂਗੇ ਜਦ ਕੋਈ ਗਠਜੋੜ ਹੋਵੇਗਾ, ਫ਼ਿਲਹਾਲ ਅਜਿਹਾ ਕੁੱਝ ਨਹੀਂ ਹੋ ਰਿਹਾ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੇ ਝੂਠ ਤੋਂ ਬਹੁਤ ਦੁਖੀ ਹੋ ਚੁੱਕੇ ਹਨ। ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵਲੋਂ ਕੀਤੇ ਗਏ ਵਿਕਾਸ ਕਾਰਜ ਯਾਦ ਆਉਣ ਲੱਗ ਪਏ ਹਨ। ਇਸ ਤੋਂ ਪਹਿਲਾਂ ਵਿਆਹ ਵਿਚ ਸ਼ਾਮਲ ਹੋਈਆਂ ਬਸ਼ੀਰ ਧਲੇਰੀਆ ਵਰਗੀਆਂ ਅਜ਼ੀਮ ਸ਼ਖ਼ਸੀਅਤਾਂ ਨੇ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਸ਼ੁਭਕਾਮਨਾਵਾਂ ਦਿਤੀਆਂ ਅਤੇ ਉਮੀਦ ਪ੍ਰਗਟ ਕੀਤੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਅਜਿਹੇ ਮਿਹਨਤੀ ਲੀਡਰ ਮਾਲੇਰਕੋਟਲਾ ਦੇ ਲੋਕਾਂ ਦਾ ਜ਼ਰੂਰ ਭਲਾ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਮੁਸਲਿਮ ਅਤੇ ਸਿੱਖ ਸੁਰੱਖਿਅਤ ਨਹੀਂ, ਇਹ ਪਾਰਟੀ ਲਗਾਤਾਰ ਘੱਟ-ਗਿਣਤੀਆਂ ਦਾ ਨੁਕਸਾਨ ਕਰ ਰਹੀ ਹੈ। ਦਿੱਲੀ ਵਿਚ ਸਦੀਆਂ ਪੁਰਾਣੀ ਮਹਿਰੌਲੀ ਮਸਜਿਦ ਤੇ ਮਦਰੱਸਾ ਸ਼ਹੀਦ ਕਰ ਦਿਤੇ ਗਏ, ਪਰ ਇਸ ਪਾਰਟੀ ਦਾ ਇਕ ਵੀ ਨੇਤਾ ਇਕ ਲਫ਼ਜ਼ ਤਕ ਨਹੀਂ ਬੋਲਿਆ।
ਇਸੇ ਤਰ੍ਹਾਂ ਸੂਬੇ ਵਿਚ ਜੁਝਾਰੂ ਪੰਜਾਬੀ ਨੌਜੁਆਨਾਂ ਨੂੰ ਐਨ.ਐਸ.ਏ. ਲਗਾ ਕੇ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ ਅਤੇ ਜਿਹੜੇ ਨੌਜੁਆਨ ਸਰਕਾਰ ਦੇ ਲੋਕ-ਮਾਰੂ ਫ਼ੈਸਲਿਆਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਵਿਰੁਧ ਝੂਠੇ ਪਰਚੇ ਦਰਜ ਕਰਕੇ ਪੁਲਿਸ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸ. ਤਰਲੋਚਨ ਸਿੰਘ ਧਲੇਰ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਟਰੱਕ ਯੂਨੀਅਨ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਸ. ਗੁਰਮੇਲ ਸਿੰਘ ਨੌਧਰਾਣੀ, ਸਰਕਲ ਪ੍ਰਧਾਨ ਸ. ਰਾਜਪਾਲ ਸਿੰਘ ਰਾਜੂ ਚੱਕ, ਸ. ਪਰਮਜੀਤ ਸਿੰਘ ਮਦੇਵੀ, ਮੁਹੰਮਦ ਅਮਜਦ ਬਰਨਾਲਾ ਅਤੇ ਹੋਰ ਅਕਾਲੀ ਜਥੇਦਾਰ ਵੀ ਹਾਜ਼ਰ ਸਨ।