ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ 'ਵਿਸ਼ਵ ਰੇਡੀਓ ਦਿਵਸ 2024' ਮਨਾਇਆ ਗਿਆ। ਇਸ ਮੌਕੇ 'ਦਿ ਹਮਿੰਗ ਕੈਂਪਸ' ਵਿਸ਼ੇ 'ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਐੱਮ. ਏ. ਭਾਗ ਪਹਿਲਾ ਅਤੇ ਦੂਜਾ ਦੇੇ ਵਿਦਿਆਰਥੀਆਂ ਦੇ ਰੇਡੀਓ ਨਾਟਕ ਅਤੇੇ ਜਿੰਗਲ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਦੀਆਂ ਕੁੱਲ ਅੱਠ ਟੀਮਾਂ ਨੇ ਆਪਣੀ ਰਚਨਾਤਮਕਤਾ ਅਤੇ ਹੁਨਰ ਰਾਹੀਂ ਕਈ ਸੰਜੀਦਾ ਮੁੱਦਿਆਂ ਨੂੂੰ ਛੂਹਿਆ। ਇਨ੍ਹਾਂ ਗੰਭੀਰ ਸਮਾਜਿਕ ਮਸਲਿਆਂ ਵਿੱਚ ਪੰਜਾਬੀ ਮੁਟਿਆਰਾਂ ਵੱਲੋਂ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ਼ ’ਡੌਂਕੀ ਰੂਟ’ ਰਾਹੀਂ ਜਾਣ ਅਤੇ ਫਿਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਣ, ਕਿਸਾਨਾਂ ਵੱਲੋਂ ਅੰਨ ਦੀ ਪੈਦਾਵਾਰ ਵਧਾਉਣ ਲਈ ਵਰਤੀਆਂ ਜਾ ਰਹੀਆਂ ਬੇ-ਲੋੜੀਂਦੀਆਂ ਖਾਦਾਂ ਵਰਗੇ ਮੁੱਦਿਆਂ ਨੂੰ ਛੂਹਿਆ।
ਵਿਭਾਗ ਦੇ ਸਾਬਕਾ ਮੁਖੀ ਪ੍ਰੋ. (ਰਿਟਾ.) ਹਰਜਿੰਦਰ ਸਿੰਘ ਵਾਲੀਆ, ਆਲ ਇੰਡੀਆ ਤੋਂ ਸ਼੍ਰੀਮਤੀ ਸ਼ਹਿਨਾਜ਼ ਜੌਲੀ ਕੌੜਾ ਅਤੇ ਸ.ਅਮਰਜੀਤ ਵੜੈਚ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਨ੍ਹਾਂ ਆਏ ਹੋਏ ਮਹਿਮਾਨਾਂ ਨੇ ਜਿੱਥੇ ਮੀਡੀਆ ਦੇ ਖੇਤਰ ਵਿੱਚ ਆਪੋ-ਆਪਣੇ ਤਜਰਬੇ ਸਾਂਝੇ ਕੀਤੇ, ਉੱਥੇ ਹੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਕੰਮ ਦੀ ਸਮੀਖਿਆ ਵੀ ਕੀਤੀ। ਵਿਭਾਗ ਮੁਖੀ ਡਾ. ਨੈਨਸੀ ਦਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਵਿਭਾਗ ਵੱਲੋਂ ਅਜਿਹੇ ਉਪਰਾਲੇ ਸਮੇਂ-ਸਮੇਂ ‘ਤੇ ਕੀਤੇ ਜਾਂਦੇ ਹਨ ਤਾਂ ਜੋ ਭਵਿੱਖ ਵਿੱਚ ਇਹ ਵਿਦਿਆਰਥੀਆ ਪੱਤਰਕਾਰੀ ਦੇ ਖੇਤਰ ਵਿੱਚ ਅੱਗੇ ਵੱਧ ਸਕਣ। ਇਸ ਮੌਕੇ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਮਨਪ੍ਰੀਤ ਰੰਧਾਵਾ ਨੇ ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਦੇ ਐਲਾਨ ਕੀਤਾ।