ਸੁਨਾਮ : ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਸ਼ੁੱਕਰਵਾਰ ਨੂੰ ਦਿੱਤਾ ਭਾਰਤ ਬੰਦ ਦਾ ਸੱਦਾ ਸੁਨਾਮ ਵਿੱਚ ਬੇਅਸਰ ਰਿਹਾ, ਵਪਾਰਕ ਅਦਾਰੇ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਉਂਜ ਸਰਕਾਰੀ ਅਤੇ ਨਿੱਜੀ ਬੱਸ ਸਰਵਿਸ ਬਿਲਕੁਲ ਬੰਦ ਰਹੀ। ਕਿਸਾਨਾਂ ਅਤੇ ਟਰੇਡ ਯੂਨੀਅਨਾਂ ਵੱਲੋਂ ਸੁਨਾਮ ਪਟਿਆਲਾ ਮੁੱਖ ਸੜਕ ਤੇ ਆਈ ਟੀ ਆਈ ਚੌਂਕ ਵਿੱਚ ਧਰਨਾ ਦੇਕੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ, ਸੀਟੂ ਦੇ ਜ਼ਿਲ੍ਹਾ ਆਗੂ ਵਰਿੰਦਰ ਕੌਸ਼ਿਕ, ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ ਛਾਜਲਾ, ਹਰਮੇਲ ਸਿੰਘ ਮਹਿਰੋਕ ਅਤੇ ਆਂਗਨਵਾੜੀ ਵਰਕਰ ਯੂਨੀਅਨ ਦੀ ਆਗੂ ਤ੍ਰਿਸ਼ਨਜੀਤ ਕੌਰ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਮੁਲਕ ਅੰਦਰ ਕਿਸਾਨੀ ਡੁੱਬਣ ਕਿਨਾਰੇ ਜਾ ਖੜ੍ਹੀ ਹੈ, ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਸੜਕਾਂ ਤੇ ਤੁਰੇ ਫਿਰਦੇ ਹਨ ਜਾਂ ਸੰਘਰਸ਼ ਕਰਦੇ ਟੈਂਕੀਆਂ ਤੇ ਚੜ੍ਹ ਰਹੇ ਹਨ।
ਕਾਰਪੋਰੇਟ ਘਰਾਣਿਆਂ ਨੂੰ ਲਾਹਾ ਪਹੁੰਚਾਉਣ ਲਈ ਘੜੀਆਂ ਜਾ ਰਹੀਆਂ ਨੀਤੀਆਂ ਕਾਰਨ ਕਿਸਾਨ ਜ਼ਮੀਨਾਂ ਤੋਂ ਵਾਂਝੇ ਹੋ ਜਾਣਗੇ । ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਵਿੱਚ ਠੇਕਾ ਪ੍ਰਣਾਲੀ ਲਾਗੂ ਕਰਨ ਨਾਲ ਪੜ੍ਹੇ ਲਿਖੇ ਨੌਜਵਾਨ ਦਸ ਦਸ ਹਜ਼ਾਰ ਰੁਪਏ ਮਹੀਨੇ ਤੇ ਨੌਕਰੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋ ਕੇ ਸੰਘਰਸ਼ ਲੜੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਇਸ ਮੌਕੇ ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਐਡਵੋਕੇਟ ਮਿੱਤ ਸਿੰਘ ਜਨਾਲ, ਜਗਦੇਵ ਸਿੰਘ ਬਾਹੀਆ, ਗਮਦੂਰ ਸਿੰਘ ਜਵੰਧਾ, ਕਿਸਾਨ ਆਗੂ ਜਸਵੰਤ ਸਿੰਘ ਬਿਗੜਵਾਲ, ਗਗਨਦੀਪ ਸਿੰਘ ਚੱਠਾ, ਗੋਬਿੰਦ ਸਿੰਘ ਚੱਠਾ, ਰਾਮਸ਼ਰਨ ਸਿੰਘ ਉਗਰਾਹਾਂ, ਬਿੰਦਰਪਾਲ ਛਾਜਲੀ, ਜਸਵੀਰ ਕੌਰ ਉਗਰਾਹਾਂ ਸਮੇਤ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।