ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ ਖੋਜ ਗਰਾਂਟ ਪ੍ਰਾਪਤੀ ਲਈ ਪ੍ਰਾਜੈਕਟ ਤਜਵੀਜ਼ਾਂ ਦੀ ਤਿਆਰੀ ਦੇ ਹਵਾਲੇ ਨਾਲ਼ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਆਈ. ਆਈ. ਟੀ. ਰੋਪੜ ਤੋਂ ਪਹੁੰਚੇ ਪ੍ਰੋ. ਹਰਪ੍ਰੀਤ ਸਿੰਘ ਨੇ ਦਿੱਤਾ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਵੱਖ-ਵੱਖ ਬਾਹਰੀ ਸਰੋਤਾਂ ਤੋਂ ਫੰਡ ਜਟਾਉਣ ਨਾਲ਼ ਜਿੱਥੇ ਕੋਈ ਵੀ ਖੋਜ ਕਰਤਾ ਅਧਿਆਪਕ ਆਪਣੇ ਕੰਮ ਕਰਨ ਦੇ ਢੰਗ ਵਿੱਚ ਵਧੇਰੇ ਸੁਤੰਤਰ ਅਤੇ ਸਮਰੱਥ ਹੋ ਕੇ ਬਿਹਤਰ ਖੋਜ ਨਤੀਜਿਆਂ ਤੱਕ ਪਹੁੰਚ ਸਕਦਾ ਹੈ, ਉੱਥੇ ਹੀ ਉਸ ਅਧਿਆਪਕ ਨਾਲ਼ ਜੁੜੇ ਅਦਾਰੇ ਦੇ ਵੱਕਾਰ ਵਿੱਚ ਵੀ ਵਾਧਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਮਾਮਲੇ ਵਿੱਚ ਹੁਣ ਇਹ ਖੁਸ਼ੀ ਵਾਲ਼ੀ ਗੱਲ ਹੈ ਕਿ ਸਾਡੀ ਯੂਨੀਵਰਸਿਟੀ ਕੋਲ ਨੈਕ ਏ+ ਗ੍ਰੇਡ ਹਾਸਲ ਹੈ ਜਿਸ ਦਾ ਅਜਿਹੇ ਫੰਡ ਜੁਟਾਉਣ ਦੇ ਮਾਮਲੇ ਵਿੱਚ ਵਿਸ਼ੇਸ਼ ਮਹੱਤਵ ਹੈ ਕਿਉਂਕਿ ਕਿਸੇ ਵੀ ਅਜਿਹੇ ਫੰਡ ਲਈ ਅਪਲਾਈ ਕਰਨ ਸਮੇਂ ਜਦੋਂ ਉਸ ਅਧਿਆਪਕ ਦੇ ਅਦਾਰੇ ਕੋਲ਼ ਨੈਕ ਏ+ ਗ੍ਰੇਡ ਉਪਲਬਧ ਹੁੰਦਾ ਹੈ ਤਾਂ ਪ੍ਰੋਜੈਕਟ ਦੇ ਮਨਜ਼ੂਰ ਹੋਣ ਸੰਬੰਧੀ ਸੰਭਾਵਨਾ ਵਧ ਜਾਂਦੀ ਹੈ। ਚੰਗੇ ਗਰੇਡ ਵਾਲ਼ੇ ਅਦਾਰੇ ਦੇ ਵੱਕਾਰ ਨਾਲ਼ ਸੰਬੰਧਤ ਵਧੇਰੇ ਨੰਬਰ ਜੁੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਅਧਿਆਪਕਾਂ ਨੂੰ ਅਜਿਹੇ ਪ੍ਰੋਜੈਕਟਾਂ ਦੀ ਪ੍ਰਾਪਤੀ ਲਈ ਅਪਣਾਈ ਜਾਂਦੀ ਪ੍ਰਕਿਰਿਆ ਦੇ ਤਕਨੀਕੀ ਅਤੇ ਮਾਹਿਰ ਨੁਕਤਿਆਂ ਤੋਂ ਵਾਕਫ਼ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਇਸ ਸੰਬੰਧੀ ਵਿਸ਼ੇਸ਼ ਵਰਕਸ਼ਾਪ ਦੇ ਆਯੋਜਨ ਬਾਰੇ ਵੀ ਇੱਛਾ ਪ੍ਰਗਟਾਈ।ਉਨ੍ਹਾਂ ਇੰਜਨੀਅਰਿੰਗ ਖੇਤਰ ਦੇ ਅਧਿਆਪਕਾਂ ਨੂੰ ਵੀ ਵੱਖ-ਵੱਖ ਸਰੋਤਾਂ ਤੋਂ ਫੰਡ ਪ੍ਰਾਪਤ ਕਰ ਕੇ ਖੋਜ ਕਾਰਜ ਕਰਨ ਲਈ ਸੁਝਾਇਆ।
ਪ੍ਰੋ. ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਵੱਖ-ਵੱਖ ਸਰੋਤਾਂ ਤੋਂ ਖੋਜ ਗਰਾਂਟ ਪ੍ਰਾਪਤੀ ਲਈ ਪ੍ਰਾਜੈਕਟ ਤਜਵੀਜ਼ਾਂ ਦੀ ਤਿਆਰੀ ਸੰਬੰਧੀ ਆਪਣੇ ਅਨੁਭਵ ਅਤੇ ਮੁਹਾਰਤ ਦੇ ਪੱਖ ਤੋਂ ਵੱਖ-ਵੱਖ ਨੁਕਤੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਬਿਹਤਰ ਤਰੀਕੇ ਨਾਲ਼ ਲਿਖੀ ਤਜਵੀਜ਼ ਕਿਸੇ ਵੀ ਪ੍ਰਾਜੈਕਟ ਲਈ ਫੰਡ ਪ੍ਰਾਪਤੀ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੰਦੀ ਹੈ। ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਨੇ ਆਪਣੀ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਵੱਖ-ਵੱਖ ਵਿਸਿ਼ਆਂ ਦੇ ਅਧਿਆਪਕਾਂ ਨੂੰ ਅਜਿਹੇ ਪ੍ਰਾਜੈਕਟਾਂ ਦੀ ਪ੍ਰਾਪਤੀ ਲਈ ਉਤਸਾਤਿਹ ਕਰਨ ਦੇ ਮਕਸਦ ਨਾਲ਼ ਇਹ ਭਾਸ਼ਣ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਵਾਏ ਜਾਣਗੇ। ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਜਸਮੀਨ ਕੌਰ, ਕੋ-ਕੋਆਰਡੀਨੇਟਰ ਪਰਮਜੀਤ ਕੌਰ ਅਤੇ ਕੰਚਨ ਅਤੇ ਆਯੋਜਕ ਕਮੇਟੀ ਦੇ ਮੈਂਬਰ ਡਾ. ਸਿ਼ਵਾਨੀ ਠਾਕੁਰ ਅਤੇ ਡਾ. ਅਜੇ ਵਰਮਾ ਵੀ ਮੌਜੂਦ ਰਹੇ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨਾਲ਼ ਸੰਬੰਧਤ ਅਧਿਆਪਕਾਂ ਵੱਲੋਂ ਇਸ ਭਾਸ਼ਣ ਨੂੰ ਉਤਸ਼ਾਹ ਨਾਲ਼ ਸੁਣਿਆ ਗਿਆ।
ਤਸਵੀਰ ਵੇਰਵੇ:
1. ਉਪ-ਕੁਲਪਤੀ ਪ੍ਰੋ. ਅਰਵਿੰਦ ਦਾ ਸਵਾਗਤ ਕਰਦੇ ਹੋਏ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ
2. ਉਪ-ਕੁਲਪਤੀ ਪ੍ਰੋ. ਅਰਵਿੰਦ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ