ਹਰਿਆਣਾ : ਹਰਿਆਣਾ ਦੀ ਪੰਜਾਬ ਨਾਲ ਲਗਦੀ ਸਰਹੱਦ ’ਤੇ ਕਿਸਾਨਾਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਬੀਤੇ ਦਿਨ ਪਏ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੇ ਲੜੀਵਾਰ ਚੱਲ ਰਹੇ ਅੰਦੋਲਨ ਵਿੱਚ ਮੌਸਮ ਦੀ ਭਾਰੀ ਮਾਰ ਪੈ ਰਹੀ ਹੈ। ਬੀਤੀ ਰਾਤ ਪਏ ਮੀਂਹ ਕਾਰਨ ਹੁਣ ਬਹੁਤੇ ਕਿਸਾਨ ਜ਼ੁਕਾਮ, ਪੇਟ ਦਰਦ, ਬੁਖ਼ਾਰ ਅਤੇ ਖਾਂਸੀ ਨਾਲ ਪੀੜਤ ਹੋ ਰਹੇ ਹਨ। ਸੰਭੂ ਸਰਹੱਦ ’ਤੇ ਸਮਾਜ ਸੇਵੀਆਂ ਵੱਲੋਂ ਪੀੜਤ ਕਿਸਾਨਾਂ ਲਈ ਦਵਾਈਆਂ ਅਤੇ ਇਲਾਜ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸਮਾਜ ਸੇਵੀਆਂ ਵੱਲੋਂ ਕਿਸਾਨਾਂ ਲਈ ਮੁਫ਼ਤ ਦਵਾਈਆਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਮੌਕੇ ਕੈਂਪ ਵਿੱਚ ਮੌਜੂਦ ਡਾਕਟਰਾਂ ਨੇ ਦਸਿਆ ਹੈ ਕਿ ਮੌਸਮ ਦੇ ਬਦਲਾਅ ਕਾਰਨ ਕਿਸਾਨਾਂ ਨੂੰ ਸਰਦੀ ਲੱਗ ਰਹੀ ਹੈ ਜਿਸ ਕਾਰਨ ਖੰਘ, ਜ਼ੁਕਾਮ, ਦਸਤ, ਪੇਟ ਦਰਦ ਵਰਗੀਆਂ ਤਕਲੀਫ਼ਾਂ ਹੋ ਰਹੀਆਂ ਹਨ। ਡਾਕਟਰਾਂ ਨੇ ਦਸਿਆ ਕਿ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਮੁਫ਼ਤ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ਿਆਦਾ ਗੰਭੀਰ ਮਰੀਜ਼ਾਂ ਨੂੰ ਹਸਪਤਾਲ ਜਾਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।