ਹਰਿਆਣਾ : ਹਰਿਆਣਾ ਦੇ ਬਜਟ ਸੈਸ਼ਨ ਵਿੱਚ ਹੁੱਕਾ ਬਾਰ (Hookah Bar) ਖੋਲ੍ਹਣਾ ਅਤੇ ਰੈਸਤਰਾ ਵਿੱਚ ਗਾਹਕਾਂ ਨੂੰ ਹੁੱਕਾ (Hookah) ਪੇਸ਼ ਕਰਨਾ ਹੁਣ ਜ਼ੁਰਮ ਬਣ ਜਾਵੇਗਾ। ਇਸ ਜ਼ੁਰਮ ਲਈ ਇਕ ਤੋਂ ਲੈਕੇ ਤਿੰਨ ਸਾਲ ਦੀ ਕੈਦ ਅਤੇ ਇਕ ਤੋਂ ਲੈ ਕੇ ਪੰਜ ਲੱਖ ਤੱਕ ਦਾ ਜ਼ੁਰਮਾਨਾ ਵੀ ਹੋਵੇਗਾ। ਇਹ ਵੀ ਦੱਸਣਯੋਗ ਹੈ ਕਿ ਇਹ ਜ਼ੁਰਮ ਗ਼ੈਰ ਜ਼ਮਾਨਵੀ ਅਪਰਾਧ ਹੋਵੇਗਾ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੌਰਾਨ ਸਿਗਰੇਟ ਅਤੇ ਹੋਰ ਤਮਾਕੂ ਉਤਪਾਦਾਂ ਜਿਵੇਂ ਕਿ ਵਿਗਿਆਪਨ ਅਤੇ ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਦੇ ਨਿਯਮ, ਉਤਪਾਦਨ, ਸਪਲਾਈ ਅਤੇ ਵੰਡ ਦੀ ਪਾਬੰਦੀ ਦੇ ਤਹਿਤ ਹਰਿਆਣਾ ਸੋਧ ਬਿਲ 2024 ਪੇਸ਼ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸੋਧਿਆ ਹੋਇਆ ਬਿਲ ਬਜਟ ਸੈਸ਼ਨ ਦੇ ਆਉਣ ਵਾਲੇ ਦਿਨਾਂ ਵਿੱਚ ਪਾਸ ਵੀ ਕਰ ਦਿੱਤਾ ਜਾਵੇਗਾ ਪਰ ਸਰਕਾਰ ਵੱਲੋਂ ਰਵਾਇਤੀ ਹੁੱਕੇ ਨੂੰ ਬਿੱਲ ਤੋਂ ਛੋਟ ਦਿੱਤੀ ਗਈ ਹੈ। ਇਸ ਨੂੰ ਅਪਰਾਧ ਦੀ ਸ਼ੇ੍ਰਣੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਪਹਿਲਾਂ ਵੀ ਕਈ ਵਾਰ ਹੁੱਕਾ ਬਾਰ ਬੰਦ ਕਰਨ ਬਾਰੇ ਕਹਿ ਚੁੱਕੇ ਹਨ। ਸਰਕਾਰ ਵੱਲੋਂ ਇਹ ਫ਼ੈਸਲਾ ਹੁੱਕਾ ਬਾਰ ਦੀ ਆੜ ਵਿੱਚ ਨਸ਼ੇ ਦੀ ਵੱਧ ਰਹੀ ਵਰਤੋਂ ਨੂੰ ਰੋਕਣ ਲਈ ਗਿਆ ਹੈ। ਦੱਸਣਯੋਗ ਹੈ ਕਿ ਹੁੱਕਾ ਜਾਂ ਸਿਗਰੇਟ ਪੀਣਾ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ। ਇਸ ਨਾਲ ਫ਼ੇਫੜਿਆਂ ਦਾ ਕੈਂਸਰ ਤੱਕ ਹੋ ਸਕਦਾ ਹੈ। ਸੱਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਹੁੱਕਾ ਜਾਂ ਸਿਗਰੇਟ ਪੀਣ ਨਾਲੋਂ ਨੇੜੇ ਖੜ੍ਹੇ ਵਿਅਕਤੀਆਂ ਨੂੰ ਇਸ ਦਾ ਵਧੇਰੇ ਨੁਕਸਾਨ ਹੁੰਦਾ ਹੈ। ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਫ਼ਲੇਵਰ ਹੁੱਕਿਆਂ ਦੀ ਆੜ ਵਿਚ ਪਾਬੰਦੀਸ਼ੁਦਾ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਇਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦੇਵੇਗੀ।