ਚੰਡੀਗੜ੍ਹ : ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਯਮੁਨਾਨਗਰ ਵਿੱਚ 800 ਮੇਗਾਵਾਟ ਸਮਰੱਥਾ ਦਾ ਇੱਕ ਨਵਾਂ ਥਰਮਲ ਪਾਵਰ ਪਲਾਂਟ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਿਸਾਰ ਅਤੇ ਪਾਣੀਪਤ ਵਿੱਚ ਵੀ ਥਰਮਲ ਪਾਵਰ ਪਲਾਂਟ ਲਗਾਏ ਜਾਣਗੇ।
ਉਹ ਅੱਜ ਇੱਥੇ ਮੀਡੀਆ ਨਾਲ ਗਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਆਗਾਮੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਦੀ ਕਾਫੀ ਵਿਵਸਥਾ ਕੀਤੀ ਗਈ ਹੈ। ਟ੍ਰਾਂਸਫਾਰਮਰਾਂ ਨੂੰ ਅੱਪਗ੍ਰੇਡ ਕਰ ਦਿੱਤਾ ਗਿਆ ਹੈ ਅਤੇ ਫਿਰ ਵੀ ਜੇਕਰ ਕੋਈ ਟ੍ਰਾਂਸਫਾਰਮਰ ਖਰਾਬ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਬਦਲਣ ਦੀ ਵਿਵਸਥਾ ਯਕੀਨੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਟ੍ਰਾਂਸਫਾਰਮਰਾਂ ਦੀ ਉਪਲਬਧਤਾ ਦੀ ਜਾਣਕਾਰੀ ਆਨਲਾਇਨ ਅੱਪਡੇਟ ਕੀਤੀ ਜਾਵੇ।
ਬਿਜਲੀ ਦਰਾਂ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਪਿਛਲੇ ਅੱਠ ਸਾਲਾਂ ਤੋਂ ਬਿਜਲੀ ਦੀ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਬਿਜਲੀ ਦਰਾਂ ਹਰਿਆਣਾ ਇਲੈਕਟ੍ਰੀਸਿਟੀ ਰੇਗੂਲੇਟਰੀ ਕਮਿਸ਼ਨ ਵੱਲੋਂ ਤੈਅ ਕੀਤੀ ਜਾਂਦੀ ਹੈ, ਅਤੇ ਫਿਲਹਾਲ ਉਨ੍ਹਾਂ ਦੇ ਕੋਲ ਦਰਾਂ ਵਧਾਉਣ ਦਾ ਕੋਈ ਪ੍ਰਸਤਾਵ ਪੈਂਡਿੰਗ ਨਹੀਂ ਹੈ।
ਅਵੈਧ ਵਾਹਨਾ ਦੀ ਸਮਸਿਆ ਦੇ ਸੁਆਲ 'ਤੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ, ਜਿਸ ਨੂੰ ਰੋਕਨ ਲਈ ਉਹ ਖੁਦ ਕਈ ਵਾਰ ਸੜਕਾਂ 'ਤੇ ਨਿਰੀਖਣ ਕਰ ਚੁੱਕੇ ਹਨ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਵੈਧ ਵਾਹਨਾਂ ਦੇ ਸੰਚਾਲਨ 'ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਕਾਨੂੰਨ ਦੇ ਤਹਿਤ ਸਹੀ ਕਾਰਵਾਈ ਕੀਤੀ ਜਾਵੇ।
ਨਸ਼ੇ ਨੂੰ ਇੱਕ ਸਮਾਜਿਕ ਬੀਮਾਰੀ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਪੁਰੀ ਤਰ੍ਹਾ ਖਤਮ ਕਰਨ ਲਈ ਸਮਾਜ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਨਸ਼ੇ ਨਾਲ ਪੀੜਤ ਲੋਕਾਂ ਦਾ ਮਾਨਸਿਕ ਬਦਲਾਅ ਹੀ ਇਸ ਦਾ ਸਥਾਈ ਹੱਲ ਹੋ ਸਕਦਾ ਹੈ।
ਟੋਲ ਟੈਕਸ ਦੀ ਦਰਾਂ ਵਿੱਚ ਵਾਧੇ ਦੇ ਸੁਆਲ 'ਤੇ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਟੋਲ ਪਲਾਜਾ ਪ੍ਰਣਾਲੀ ਨੁੰ ਵੱਧ ਸਰਲ ਅਤੇ ਪ੍ਰਭਾਵੀ ਬਨਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਤਹਿਤ ਆਟੋਮੈਟਿਕ ਚਿੱਪ ਲਗਾਉਣ ਦੀ ਯੋਜਨਾ ਹੈ, ਜਿਸ ਨਾਲ ਯਾਤਰੀਆਂ ਨੂੰ ਵੱਧ ਸਹੂਲਤ ਮਿਲੇਗੀ ਅਤੇ ਟੋਲ ਭਗਤਾਨ ਦੀ ਪ੍ਰਕ੍ਰਿਆ ਸਰਲ ਹੋਵੇਗੀ।