ਸੋਨੀਪਤ : ਸੋਨੀਪਤ ਦੇ ਸੈਕਟਰ 7 ਵਿੱਚ ਬੀਤੇ ਦਿਨ ਬਹਿਲਗੜ੍ਹ ਰੋਡ ਨੇੜੇ ਪੁਲਿਸ ਵੱਲੋਂ ਲਗਾਏ ਨਾਕੇ ’ਤੇ ਇਕ ਨਸ਼ੇ ਵਿਚ ਧੁੱਤ ਵਪਾਰੀ ਨੇ ਆਪਣੀ ਫ਼ਾਰਚੂਨਰ ਨਾਲ ਪੁਲਿਸ ਦੀ ਪੀ.ਸੀ.ਆਰ. ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋ ਪੁਲਿਸ ਵਾਲੇ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਤੜਕੇ 3 ਵਜੇ ਦੀ ਹੈ ਅਤੇ ਹਾਦਸੇ ਵਿੱਚ ਪੁਲਿਸ ਦੀ ਪੀ.ਸੀ.ਆਰ. ਵਾਲੀ ਗੱਡੀ ਵੀ ਨੁਕਸਾਨੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੋਨੀਪਤ ਦੇ ਸੈਕਟਰ 7 ਬਹਿਲਗੜ੍ਹ ਰੋਡ ਦੇ ਨੇੜੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ। ਇਸ ਸਮੇਂ ਇਕ ਫ਼ਾਰਚੂਨਰ ਗੱਡੀ ’ਤੇ ਨੌਜਵਾਨ ਜਿਸ ਦੀ ਪਛਾਣ ਸੁਸ਼ਾਂਕ ਗਰਗ ਵਾਸੀ ਸੈਕਟਰ 8 ਓਮੈਕਸ ਸਿਟੀ, ਤੇਜ਼ ਰਫ਼ਤਾਰ ਨਾਲ ਆਇਆ ਅਤੇ ਪੀ.ਸੀ.ਆਰ. ਦੀ ਗੱਡੀ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਐਸ.ਆਈ. ਰਣਬੀਰ ਅਤੇ ਸਿਪਾਹੀ ਦੇਵਾਂਤ ਰਾਏ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਫ਼ਾਰਚੂਨਰ ਦਾ ਡਰਾਈਵਰ ਨਸ਼ੇ ਵਿੱਚ ਸੀ। ਹਾਦਸੇ ਵਿੱਚ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਬਹਿਲਗੜ੍ਹ ਰੋਡ ’ਤੇ ਸਥਿਤ ਇਕ ਹਸਪਤਾਲ ਵਿਚ ਲਿਜਾਇਆ ਗਿਆ। ਫ਼ਾਰਚੂਨਰ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਸਨ ਜਿਸ ਨੂੰ ਮੁਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ। ਪੁਲਿਸ ਨੇ ਨੌਜਵਾਨ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।