ਪਟਿਆਲਾ : ਪਟਿਆਲਾ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਜ਼ੀਰੋ 'ਤੇ ਲਿਆਉਣ ਅਤੇ ਫ਼ਸਲੀ ਰਹਿੰਦ-ਖੂੰਹਦ ਸੰਭਾਲਣ ਲਈ ਡੀਲਾਇਟ ਕੰਪਨੀ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੀ ਮੌਜੂਦਗੀ 'ਚ ਡੇਲਾਇਟ ਟੋਚੇ ਤੋਹਮਾਤਸੂ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਵਿਵੇਕ ਮਿੱਤਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਫੈਸਿਲੀਟੇਟਿੰਗ ਏਜੰਸੀ ਵਜੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਸਮਝੌਤੇ ਉਪਰ ਦਸਤਖ਼ਤ ਕੀਤੇ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾ ਨੂੰ ਪੂਰੀ ਤਰ੍ਹਾਂ ਰੋਕਣ ਲਈ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਰਣਨੀਤੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਸ ਸਮਝੌਤੇ ਨੂੰ ਇੱਕ ਪਾਇਲਟ ਪ੍ਰਾਜੈਕਟ ਵਜੋਂ ਲਿਆ ਜਾਵੇਗਾ ਅਤੇ ਜੇਕਰ ਇਸ ਵਿੱਚ ਸਫ਼ਲਤਾ ਮਿਲਦੀ ਹੈ ਤਾਂ ਇਸ ਨੂੰ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਲਾਗੂ ਕੀਤਾ ਜਾ ਸਕੇਗਾ। ਡੀ.ਸੀ. ਨੇ ਅੱਗੇ ਦੱਸਿਆ ਕਿ ਡੇਲਾਇਟ ਟੋਚੇ ਤੋਹਮਾਤਸੂ ਇੰਡੀਆ ਵੱਲੋਂ ਪਰਾਲੀ ਨੂੰ ਕਿਸਾਨਾਂ ਤੋਂ ਹਾਸਲ ਕਰਕੇ ਅੱਗੇ ਹੋਰ ਕੰਮਾਂ ਲਈ ਵਰਤਣ ਵਾਸਤੇ ਵੱਖ-ਵੱਖ ਕੰਪਨੀਆਂ ਕੋਲ ਭੇਜਣ ਲਈ ਸਹਾਇਤਾ ਕੀਤੀ ਜਾਵੇਗੀ, ਸਿੱਟੇ ਵਜੋਂ ਪਰਾਲੀ ਨੂੰ ਅੱਗ ਲਾਉਣ ਤੋਂ ਬਿਨ੍ਹਾਂ ਹੀ ਉਸਦੀ ਐਕਸ ਸੀਟੂ ਮੈਨੇਜਮੈਂਟ ਤਹਿਤ ਸੰਭਾਲ ਹੋ ਜਾਵੇਗੀ।
ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਕੰਪਨੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਜ਼ਿਲ੍ਹੇ ਵਿੱਚ 12 ਤੋਂ 14 ਹਫ਼ਤਿਆਂ ਦਾ ਇੱਕ ਵਿਸਥਾਰਤ ਅਧਿਐਨ ਕਰਕੇ ਪਰਾਲੀ ਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਲਈ ਰਣਨੀਤੀ ਉਲੀਕੀ ਜਾਵੇਗੀ। ਇਸ ਤਹਿਤ ਪਰਾਲੀ ਦੀ ਸੰਭਾਲ ਲਈ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਕਿਸਾਨਾਂ, ਕਸਟਮ ਹਾਇਰਿੰਗ ਸੈਂਟਰਜ਼, ਪਰਾਲੀ ਸੰਭਾਲਣ ਵਾਲੇ ਸੰਦਾਂ ਦੇ ਡੀਲਰ, ਪੰਚਾਇਤ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਸੀ.ਆਰ.ਐਮ. ਗਤੀਵਿਧੀਆਂ, ਕਣਕ ਦੀ ਝੋਨੇ ਦੀ ਪਰਾਲੀ ਵਾਲੇ ਖੇਤ ਵਿੱਚ ਸਿੱਧੀ ਬਿਜਾਈ, ਪਰਾਲੀ ਵਰਤਣ ਵਾਲੇ ਉਦਯੋਗਾਂ ਨਾਲ ਗੱਲਬਾਤ, ਗਊਸ਼ਾਲਾ ਤੇ ਡੇਅਰੀ ਪਲਾਟਾਂ ਵਿੱਚ ਪਰਾਲੀ ਦੀ ਵਰਤੋਂ ਆਦਿ ਗਤੀਵਿਧੀਆਂ 'ਚ ਹਿੱਸਾ ਲਿਆ ਜਾਵੇਗਾ। ਡੇਲਾਇਟ ਟੋਚੇ ਤੋਹਮਾਤਸੂ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਵਿਵੇਕ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰਿਆਣਾ ਦੇ 666 ਪਿੰਡਾਂ ਵਿੱਚ ਅਜਿਹਾ ਪ੍ਰਬੰਧਨ ਕੀਤਾ ਗਿਆ ਸੀ, ਸਿੱਟੇ ਵਜੋਂ ਉਥੇ ਪਰਾਲੀ ਸਾੜਨ ਦੇ 54 ਫ਼ੀਸਦੀ ਮਾਮਲੇ ਘਟੇ ਹਨ ਅਤੇ ਇਸ ਨੂੰ ਪਟਿਆਲਾ ਵਿੱਚ ਵੀ ਸਫ਼ਲਤਾ ਪੂਰਵਕ ਲਾਗੂ ਕੀਤਾ ਜਾਵੇਗਾ। ਮੀਟਿੰਗ 'ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰੋਹਿਤ ਸਿੰਗਲਾ, ਡੀ.ਡੀ.ਐਫ਼ ਨਿਧੀ ਮਲਹੋਤਰਾ ਤੇ ਹੋਰ ਮੌਜੂਦ ਸਨ।