ਇਜ਼ਰਾਈਲ : ਇਜ਼ਰਾਈਲ 'ਚ ਧਾਰਮਿਕ ਜਲਸੇ ਦੌਰਾਨ ਮਚੀ ਭਗਦੜ 'ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਜਿਸ ਜਗ੍ਹਾ ਹਾਦਸਾ ਹੋਇਆ ਉੱਥੇ ਸਥਿਤ ਟੂੰਬ ਨੂੰ ਯਹੂਦੀ ਸਮਾਜ ਦੇ ਪਵਿੱਤਰ ਸਥਾਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਤਾਜ਼ਾ ਖ਼ਬਰਾਂ ਮੁਤਾਬਕ ਉੱਤਰੀ ਇਜ਼ਰਾਈਲ 'ਚ ਇਕ ਸਮੂਹਕ ਰੈਲੀ ਦੌਰਾਨ ਭਗਦੜ 'ਚ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਦਸਣਯੋਗ ਹੈ ਕਿ ਮਾਉਂਟ ਮੇਰਨ 'ਚ ਲੋਕ ਓਮਰ ਦੀ ਛੁੱਟੀ ਮਨਾਉਣ ਲਈ ਸਮੂਹਕ ਸਭਾ ਕਰਵਾਈ ਗਈ ਸੀ। ਬਚਾਅ ਸੇਵਾ ਨੇ ਕਿਹਾ ਕਿ 6 ਹੈਲੀਕਾਪਟਰ ਤੇ ਦਰਜਨਾਂ ਐਂਬੂਲੈਂਸ ਜ਼ਖ਼ਮੀਆਂ ਨੂੰ ਸਫੀਦੋਂ ਦੇ ਜ਼ਿਵ ਹਸਪਤਾਲ ਤੇ ਨਹਿਰੀਆ ਦੇ ਗਲੀਲ ਮੈਡੀਕਲ ਸੈਂਟਰ 'ਚ ਭਰਤੀ ਕਰ ਰਹੀਆਂ ਹਨ। ਹਾਲਾਂਕਿ ਭਗਦੜ ਦਾ ਕਾਰਨ ਹਾਲੇ ਪਤਾ ਨਹੀਂ ਚੱਲਿਆ ਹੈ।
ਦਰਾਸਲ ਹਜ਼ਾਰਾਂ ਦੀ ਗਿਣਤੀ 'ਚ ਯਹੂਦੀ ਲੋਕ ਸਾਲਾਨਾ ਦੂਸਰੀ ਸ਼ਤਾਬਦੀ ਦੇ ਸੰਤ ਰੱਬੀ ਸ਼ਿਮੋਨ ਬਾਰ ਯੋਚਾਈ ਦੀ ਕਬਰ 'ਤੇ ਉਨ੍ਹਾਂ ਨੂੰ ਯਾਦ ਕਰਨ ਲਈ ਇਕੱਤਰ ਹੋਏ ਸਨ। ਰਾਤ ਭਰ ਪ੍ਰਾਰਥਨਾ ਤੇ ਡਾਂਸ ਹੋਇਆ, ਪਰ ਉਸੇ ਦੌਰਾਨ ਭਗਦੜ ਮਚ ਗਈ। ਲੋਕ ਬਚਣ ਲਈ ਇਕ-ਦੂਸਰੇ ਦੇ ਉੱਪਰੋਂ ਨਿਕਲਣ ਲੱਗੇ।