ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਦਿਹਾਤੀ ਖੇਤਰ ਦੀਆਂ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੈਲਫ ਹੈਲਪ ਗਰੁੱਪਾਂ ਨੂੰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਵੱਖ- ਵੱਖ ਕੰਮ ਸ਼ੁਰੂ ਕਰਨ ਲਈ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਇਸੇ ਤਰ੍ਹਾਂ ਸਮੇਂ ਸਮੇਂ ਤੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਦੀ ਸਰਕਾਰ ਵੱਲੋਂ ਵੱਖ-ਵੱਖ ਤਰੀਕੀਆਂ ਨਾਲ ਮਦਦ ਕੀਤੀ ਜਾਂਦੀ ਹੈ ਜਿਸ ਨਾਲ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਨੂੰ ਆਪਣੇ ਪਰਿਵਾਰ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਦਾ ਮੌਕਾ ਹਾਸਲ ਹੋਵੇਗਾ। ਇਹ ਜਾਣਕਾਰੀ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਮੈਡਮ ਜਸਪ੍ਰੀਤ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਸਵੈ ਸਹਾਇਤਾ ਗਰੁੱਪ ਦੇ ਮੈਂਬਰਾਂ ਨੂੰ ਗਰਮ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ 1600 ਕਿੱਟਾਂ ਮੁਫਤ ਵੰਡਣ ਮੌਕੇ ਦਿੱਤੀ।
ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਨੇ ਦੱਸਿਆ ਕਿ ਬਲਾਕ ਖੇੜਾ ਦੇ 600 ਬਲਾਕ ਸਰਹਿੰਦ ਦੇ 500 ਅਤੇ ਬਲਾਕ ਖਮਾਣੋਂ ਦੇ 500 ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਬੀਜਾਂ ਦੀਆਂ ਕਿੱਟਾਂ ਵੰਡੀਆਂ ਗਈਆਂ। ਉਹਨਾਂ ਦੱਸਿਆ ਕਿ ਇਹਨਾਂ ਕਿੱਟਾਂ ਰਾਹੀਂ ਸਵੈ ਸਹਾਇਤਾ ਸਮੂਹ ਮੈਂਬਰ ਆਪਣੇ ਘਰਾਂ ਵਿੱਚ ਥੋੜ੍ਹੀ ਜਗ੍ਹਾ ਵਿੱਚ ਵੀ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਪੈਦਾ ਕਰਕੇ ਆਪਣੇ ਪਰਿਵਾਰ ਲਈ ਸ਼ੁੱਧ ਸਬਜ਼ੀਆਂ ਪੈਦਾ ਕਰ ਸਕਦੇ ਹਨ ਅਤੇ ਆਪਣੇ ਪਰਿਵਾਰ ਲਈ ਸਬਜ਼ੀਆਂ ਖਰੀਦਣ ਲਈ ਹੋਣ ਵਾਲੇ ਖਰਚੇ ਨੂੰ ਘੱਟ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਘਰ ਸਬਜ਼ੀਆਂ ਪੈਦਾ ਕਰਕੇ ਜਿੱਥੇ ਉਹ ਆਪਣਾ ਆਰਥਿਕ ਜੀਵਨ ਪੱਧਰ ਸੁਧਾਰ ਸਕਦੇ ਹਨ ਉੱਥੇ ਉਹਨਾਂ ਦੀ ਸਿਹਤ ਵੀ ਤੰਦਰੁਸਤ ਰਹੇਗੀ। ਇਸ ਮੌਕੇਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤੋਂ ਜ਼ਿਲ੍ਹਾ ਮੈਨੇਜਰ ਕਮਲਜੀਤ ਕੌਰ, ਸੁਪਰਡੰਟ ਸ੍ਰੀਮਤੀ ਰਵਿੰਦਰ ਕੌਰ, ਬਲਾਕ ਪ੍ਰੋਗਰਾਮ ਮੈਨੇਜਰ (ਲਾਇਬਲੀ ਹੁੱਡ), ਅਨੁਰਾਗ ਸਿੰਘ ਵਿਰਕ ਅਤੇ ਕਲਸਟਰ ਕੁਆਡੀਨੇਟਰ ਕਮਲਜੀਤ ਸਿੰਘ ਹਾਜ਼ਰ ਸਨ।