ਸੁਨਾਮ : ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਤਬਾਹ ਕਰਨ ਲਈ ਟਰੰਪ ਸਰਕਾਰ ਦੀਆਂ ਨੀਤੀਆਂ ਲਾਗੂ ਕਰਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨਾਂ ਨੇ ਐਸਡੀਐਮ ਦਫ਼ਤਰ ਸਾਹਮਣੇ ਮੋਦੀ ਅਤੇ ਟਰੰਪ ਦੇ ਪੁਤਲੇ ਫੂਕਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਜਸਵੰਤ ਸਿੰਘ ਬਿਗੜਵਾਲ ਅਤੇ ਮਨੀ ਸਿੰਘ ਭੈਣੀ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਪਿਯੂਸ਼ ਗੋਇਲ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਟਰੰਪ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਹਾਮੀ ਭਰਦਿਆਂ ਖੇਤੀਬਾੜੀ ਖਰੜੇ ਨੂੰ ਮਾਨਤਾ ਦੇ ਦਿੱਤੀ ਹੈ ਇਹ ਖੇਤੀਬਾੜੀ ਖਰੜਾ ਡਬਲਿਯੂ ਟੀਓ ਦੇ ਕਹਿਣ ਤੇ ਅਮਰੀਕਾ ਨੇ ਤਿਆਰ ਕੀਤਾ ਹੈ ਕਿਉਂਕਿ ਡਬਲਯੂਟੀਓ ਪੂਰੇ ਸੰਸਾਰ ਵਿੱਚ ਖੇਤੀਬਾੜੀ ਸੈਕਟਰ ਤੇ ਕਬਜ਼ਾ ਕਰ ਚੁੱਕਾ ਹੁਣ ਭਾਰਤ ਦੇ ਖੇਤੀਬਾੜੀ ਸੈਕਟਰ ਤੇ ਕਬਜ਼ੇ ਨੂੰ ਲੈ ਕੇ ਨਵੀਆਂ ਨੀਤੀਆਂ ਲੈਕੇ ਆ ਰਿਹਾ ਜਿਸ ਤਹਿਤ ਭਾਰਤ ਦੀ ਮੰਡੀ ਡਬਲਿਊ ਟੀਓ ਦੇ ਹਵਾਲੇ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਭਾਰਤ ਦੀ ਮੰਡੀ ਵਿੱਚ ਸਿਰਫ ਤੇ ਸਿਰਫ ਡਬਲਿਊ ਟੀਓ ਦਾ ਹੀ ਕਬਜ਼ਾ ਹੋਵੇਗਾ ਕਿਉਂ ਜੋ ਭਾਰਤ ਸਰਕਾਰ ਨੇ ਅਮਰੀਕਾ ਦੀਆਂ ਫਸਲਾਂ ਨੂੰ ਟੈਕਸ ਰਹਿਤ ਕਰ ਦਿੱਤਾ ਹੈ। ਅਮਰੀਕਾ ਦਾ ਜੋ ਮਾਲ ਭਾਰਤ ਵਿੱਚ ਆਵੇਗਾ ਉਸ ਤੇ ਕੋਈ ਟੈਕਸ ਨਹੀਂ ਲੱਗੇਗਾ ਇਸ ਨਾਲ ਭਾਰਤ ਦੀ ਮੰਡੀ ਬਿਲਕੁਲ ਤਬਾਹ ਹੋ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਦੀ ਖੇਤੀਬਾੜੀ ਨੀਤੀ ਭਾਰਤ ਵਿੱਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ ਇਸ ਲਈ ਕਿਸਾਨ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਆਗੂ ਰਾਮ ਸਰਨ ਸਿੰਘ ਉਗਰਾਹਾਂ, ਪਾਲ ਸਿੰਘ ਦੌਲੇਵਾਲਾ, ਅਜੈਬ ਸਿੰਘ ਜਖੇਪਲ, ਭਰਭੂਰ ਸਿੰਘ ਦੁੱਗਾਂ ਬੀਕੇਯੂ ਬੁਰਜਗਿੱਲ, ਜਸਵੀਰ ਕੌਰ ਉਗਰਾਹਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।