ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਉਖਾੜਨ ਵਾਲੇ ਸ਼ਹੀਦ ਯੋਧੇ ਸ.ਕਰਤਾਰ ਸਿੰਘ ਸਰਾਭਾ, ਸ. ਭਗਤ ਸਿੰਘ ਅਤੇ ਸ. ਊਧਮ ਸਿੰਘ ਤਿੰਨੋਂ ਸ਼ਹੀਦਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਡੇ ਪੱਧਰ ਤੇ ਸ਼ਹੀਦੀ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਤਿੰਨੋਂ ਸ਼ਹੀਦਾਂ ਨੇ ਉਸ ਸਮੇਂ ਦੀ ਅੰਗਰੇਜ਼ ਹਕੂਮਤ ਨਾਲ ਹਿਕ ਡਾਹ ਕੇ ਮੁਕਾਬਲਾ ਕੀਤਾ ਅਤੇ ਅੰਗਰੇਜ਼ ਰਾਜ ਦੀਆਂ ਜੜਾਂ ਹਲਾ ਕੇ ਰੱਖ ਦਿੱਤੀਆਂ ਅਤੇ ਖੁਦ ਸ਼ਹੀਦੀਆਂ ਦੇ ਜਾਮ ਪੀ ਗਏ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਭਾਰਤ ਸਰਕਾਰ ਵੀ ਇਹਨਾਂ ਤਿੰਨੋ ਸ਼ਹੀਦਾਂ ਸ. ਕਰਤਾਰ ਸਿੰਘ ਸਰਾਭਾ ਜੋ ਕਿ 1915 ਵਿੱਚ ਮਹਿਜ 19 ਸਾਲ ਦੀ ਉਮਰ ਵਿੱਚ ਸ਼ਹੀਦ ਹੋਏ, ਸ. ਭਗਤ ਸਿੰਘ 23 ਸਾਲ ਦੀ ਉਮਰ ਵਿੱਚ 1931 ਵਿੱਚ ਅਤੇ ਸ. ਊਧਮ ਸਿੰਘ 40 ਸਾਲ ਦੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਜਾਨਾ ਵਾਰ ਕੇ ਸ਼ਹੀਦੀਆਂ ਪਾ ਗਏ ਸਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਤੌਰ ਪ੍ਰਧਾਨਗੀ ਕਾਲ ਵਿੱਚ ਗਦਰ ਪਾਰਟੀ ਨਾਲ ਜੁੜੇ ਹੋਏ ਸਰਦਾਰ ਭਗਤ ਸਿੰਘ ਅਤੇ ਸ. ਊਧਮ ਸਿੰਘ ਦਾ ਗਦਰੀਆਂ ਦਾ ਵੱਡਾ ਵੱਖਰਾ ਸਮਾਗਮ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਉੱਤਰਾਖੰਡ ਵਿਖੇ ਜਿੱਥੇ ਸ਼ਹੀਦ ਕਰਤਾਰ ਸਿੰਘ ਦਾ ਬੁੱਤ ਵੀ ਲੱਗਿਆ ਹੋਇਆ ਹੈ, ਉੱਥੇ ਵੀ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਵੱਡਾ ਸਮਾਗਮ ਕਰਵਾਇਆ ਗਿਆ ਸੀ ਤੇ ਨਾਲ ਹੀ ਸ਼ਹੀਦ ਭਗਤ ਸਿੰਘ ਦਾ ਖਟਖਟ ਕਲਾ ਵਿਖੇ ਅਤੇ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਸੂਨਾਮ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਸੀ । ਪ੍ਰੋ. ਬਡੁੰਗਰ ਨੇ ਕਿਹਾ ਕਿ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਸਮਾਗਮ ਨਹੀਂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਭਾਰਤ ਸਰਕਾਰ ਤਿੰਨੇ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਅਤੇ ਭਾਰਤ ਰਤਨ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਭਾਵੇਂ ਇਹ ਸਨਮਾਨ ਇਹਨਾਂ ਮਹਾਨ ਸ਼ਹੀਦਾਂ ਲਈ ਅਤੁਛ ਹਨ ਪਰ ਫਿਰ ਵੀ ਉਹਨਾਂ ਨੂੰ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ।