ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਛੇ ਬਾਗ਼ੀ ਵਿਧਾਇਕਾਂ ਅਤੇ ਤਿੰਨ ਆਜ਼ਾਦ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸਥਿਤੀ ਬਦਲ ਗਈ ਹੈ। ਬਾਗ਼ੀ ਵਿਧਾਇਕਾਂ ਦੇ ਹਲਕਿਆਂ ਵਿੱਚ ਉਪ ਚੋਣਾਂ ਦਾ ਐਲਾਨ ਹੋ ਚੁਕਿਆ ਹੈ ਪਰ ਤਿੰਨ ਆਜ਼ਾਦ ਵਿਧਾਇਕਾਂ ਦੇ ਹਲਕਿਆਂ ਵਿੱਚ ਉਪ ਚੋਣਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਾਂਗਰਸ ਦੇ ਛੇ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪਰ ਜਿਹੜੇ ਛੇ ਵਿਧਾਇਕ ਬਾਗੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਉਨ੍ਹਾਂ ਨੂੰ ਸਪੀਕ ਨੇ ਆਯੋਗ ਕਰਾਰ ਦੇ ਦਿੱਤਾ ਸੀ ਅਤੇ ਇਸ ਤੋਂ ਇਲਾਵਾ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਨਾਲ ਨਾਤਾ ਜੋੋੜ ਲਿਆ ਸੀ। ਕਾਂਗਰਸ ਦੇ ਛੇ ਵਿਧਾਇਕਾਂ ਵਿੱਚ ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜਿੰਦਰ ਸਿੰਘ ਰਾਣਾ, ਚੈਤੰਨਿਆ ਸ਼ਰਮਾ, ਦੇਵੇਂਦਰ ਭੁੱਟੋ ਅਤੇ ਇੰਦਰ ਦੱਤ ਲਖਨਪਾਲ ਭਾਜਪਾ ਨਾਲ ਰਲ ਗਏ ਸਨ। ਹਿਮਾਚਲ ਪ੍ਰਦੇਸ਼ ਵਿੱਚ ਇਸ ਸਿਆਸੀ ਹਲਚਲ ਕਾਰਨ ਕਾਂਗਰਸ ਕੋਲ ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ 40 ਤੋਂ ਘੱਟ ਕੇ 34 ਰਹਿ ਗਈ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ 68 ਮੈਂਬਰ ਹਨ ਅਤੇ ਬਹੁਮਤ ਪ੍ਰਾਪਤ ਕਰਨ ਲਈ 35 ਸੀਟਾਂ ਹੋਣੀਆਂ ਜ਼ਰੂਰੀ ਹਨ। ਪ੍ਰੰਤੂ ਦਿਲਚਸਪ ਗੱਲ ਇਹ ਵੀ ਹੈ ਕਿ ਛੇ ਕਾਂਗਰਸੀ ਵਿਧਾਇਕਾਂ ਅਤੇ ਤਿੰਨ ਆਜ਼ਾਦ ਵਿਧਾਇਕਾਂ ਨੂੰ ਸ਼ਾਮਲ ਕਰਕੇ ਵੀ ਭਾਜਪਾ ਆਪਣੀ ਗਿਣਤੀ ਨਹੀਂ ਵਧਾ ਸਕੇਗੀ ਕਿਉਂਕਿ ਸਪੀਕਰ ਨੇ 6 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਅਸਤੀਫ਼ੇ ਦੇ ਦਿੱਤੇ ਹਨ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਰਾਜ ਸਭਾ ਚੋਣਾਂ ਵਿੱਚ ਬਗ਼ਾਵਤ ਕਰਨ ਵਾਲੇ ਇਨ੍ਹਾਂ 6 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਦਲ-ਬਦਲ ਵਿਰੋਧੀ ਕਾਨੂੰਨ ਦੇ ਤਹਿਤ 6 ਵਿਧਾਇਕਾਂ ਵਿਰੁਧ ਸ਼ਿਕਾਇਤ ਵਿਧਾਇਕ ਮੰਤਰੀ ਹਰਸ਼ਵਰਧਨ ਰਾਹੀਂ ਸਾਡੇ ਸਕੱਤਰੇਤ ਨੂੰ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਧਿਰਾਂ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਆਪਣਾ ਫ਼ੈਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੇ ਵਿ੍ਹਪ ਦੀ ਉਲੰਘਣਾ ਕੀਤੀ ਸੀ।