ਕੋਲਕਾਤਾ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਚੋਣ ਰਣਨੀਤੀ ਬਣਾਉਣ ਦਾ ਕੰਮ ਛੱਡਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਉਸ ਨੇ ਤ੍ਰਿਣਮੂਲ ਕਾਂਗਰਸ ਦੀ ਚੋਣ ਪ੍ਰਚਾਰ ਤੋਂ ਲੈ ਕੇ ਰਣਨੀਤੀ ਬਣਾਉਣ ਤਕ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਅਪਣਾ ਪ੍ਰਮੁੱਖ ਸਲਾਹਕਾਰ ਬਣਾਇਆ ਹੋਇਆ ਹੈ। ਕਿਸ਼ੋਰ ਨੇ ਚੋਣ ਨਤੀਜਿਆਂ ਵਾਲੇ ਦਿਨ ਅਪਣਾ ਚੋਣ ਕੰਮਕਾਜ ਛੱਡਣ ਦਾ ਐਲਾਨ ਕਰ ਦਿਤਾ ਹੈ। ਉਨ੍ਹਾਂ ਕਿਹਾ, ‘ਮੈਂ ਜੋ ਕਰ ਰਿਹਾ ਹਾਂ, ਹੁਣ ਉਸ ਨੂੰ ਜਾਰੀ ਨਹੀਂ ਰਖਣਾ ਚਾਹੁੰਦਾ। ਮੈਂ ਕਾਫ਼ੀ ਕੁਝ ਕਰ ਲਿਆ ਹੈ। ਹੁਣ ਮੇਰੇ ਲਈ ਬ੍ਰੇਕ ਲੈਣ ਦਾ ਸਮਾਂ ਹੈ ਅਤੇ ਜੀਵਨ ਵਿਚ ਕੁਝ ਹੋਰ ਕਰਨਾ ਚਾਹੁੰਦਾ ਹਾਂ। ਮੈਂ ਇਹ ਸਪੇਸ ਛੱਡਣਾ ਚਾਹੁੰਦਾ ਹਾਂ।’ ਉਨ੍ਹਾਂ ਦੇ ਇਹ ਸਪੇਸ ਕਹਿਣ ਦਾ ਮਤਲਬ ਹੈ ਕਿ ਉਹ ਹੁਣ ਚੋਣ ਰਣਨੀਤੀ ਬਣਾਉਣ ਦਾ ਕੰਮ ਨਹੀਂ ਕਰਨਾ ਚਾਹੁੰਦੇ। ਇਸ ਸਵਾਲ ’ਤੇ ਕਿ ਉਹ ਰਾਜਨੀਤੀ ਵਿਚ ਮੁੜ ਸ਼ਾਮਲ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਮੈਂ ਇਕ ਅਸਫ਼ਲ ਰਾਜਨੀਤੀਵਾਨ ਹਾਂ। ਜੇ ਮੈਂ ਰਾਜਨੀਤੀ ਵਿਚ ਗਿਆ ਤਾਂ ਮੈਨੂੰ ਵਾਪਸ ਜਾਣਾ ਹੋਵੇਗਾ ਅਤੇ ਵੇਖਣਾ ਹੋਵੇਗਾ ਕਿ ਹੁਣ ਮੈਂ ਕੀ ਕਰਨਾ ਹੈ। ਜ਼ਿਕਰਯੋਗ ਹੈ ਕਿ ਬੰਗਾਲ ਚੋਣਾਂ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੇ ਭਾਜਪਾ ਨੇ 100 ਤੋਂ ਵੱਧ ਸੀਟਾਂ ਜਿੱਤੀਆਂ ਤਾਂ ਉਹ ਅਪਣਾ ਕੰਮ ਛੱਡ ਦੇਣਗੇ। ਭਾਵੇਂ ਭਾਜਪਾ 100 ਦਾ ਅੰਕੜਾ ਨਹੀਂ ਛੂਹ ਸਕੀ ਪਰ ਇਸ ਦੇ ਬਾਵਜੂਦ ਪ੍ਰਸ਼ਾਂਤ ਦਾ ਇਹ ਐਲਾਨ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ।