ਪਟਿਆਲਾ : ਪ੍ਰਸਿੱਧ ਧਾਰਮਿਕ ਗੁਰੂ ਸਵਾਮੀ ਨਲੀਨਾਨੰਦ ਗਿਰੀ ਜੀ ਨੇ ਭਾਰਤ ’ਚ ਰੇਲਵੇ ਲਾਈਨਾਂ ਦੇ ਨਾਲ-ਨਾਲ ਵਸੀਆਂ ਕਲੌਨੀਆਂ ਅਤੇ ਪਿੰਡਾਂ ਵਿਚ ਸਫਾਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਥੇ ਪਟਿਆਲਾ ਮੀਡੀਆ ਕਲੱਬ ਵਿਚ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨਾਲ ਰਲ ਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਸਵਾਮੀ ਨਲੀਨਾਨੰਦ ਗਿਰੀ ਜੀ ਨੇ ਦੱਸਿਆ ਕਿ ਉਹਨਾਂ ਹਾਲ ਹੀ ਵਿਚ 24 ਸਾਲਾਂ ਬਾਅਦ ਦਿੱਲੀ ਤੋਂ ਬਿਹਾਰ ਲਈ ਜਾਂਦੀ ਉੱਚਾਹਾਰ ਐਕਸਪ੍ਰੈਸ ਵਿਚ ਸਫਰ ਕੀਤਾ ਸੀ। ਇਸ ਸਫਰ ਦੌਰਾਨ ਹੀ ਉਹਨਾਂ ਵੇਖਿਆ ਕਿ ਭਾਰਤ ਵਿਚ ਰੇਲਵੇ ਲਾਈਨਾਂ ਦੇ ਨਾਲ-ਨਾਲ ਵਸਦੀਆਂ ਕਲੌਨੀਆਂ ਅਤੇ ਪਿੰਡਾਂ ਵਿਚ ਲੋਕ ਬਹੁਤ ਹੀ ਮਾੜੇ ਹਾਲਾਤਾਂ ਵਿਚ ਰਹਿ ਰਹੇ ਹਨ। ਅਜਿਹੇ ਗੰਦੀਆਂ ਕਲੌਨੀਆਂ ਵਿਚ ਬਿਮਾਰੀਆਂ ਫੈਲਦੀਆਂ ਹਨ ਤੇ ਮਨੁੱਖੀ ਜਾਨਾਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਅਸੀਂ ਅਗਲੇ ਸਾਲ ਤੋਂ ਇਹ ਸਫਾਈ ਮੁਹਿੰਮ ਸ਼ੁਰੂ ਕਰਾਂਗੇ ਤੇ ਸਰਕਾਰ ਨੂੰ ਪਹਿਲਾ ਇਕ ਕਲੌਨੀ ਜਾਂ ਪਿੰਡ ਵਿਚ ਪੂਰੀ ਤਰ੍ਹਾਂ ਸਫਾਈ ਕਰ ਕੇ ਵਿਖਾਵਾਂਗੇ। ਉਹਨਾਂ ਦੱਸਿਆ ਕਿ ਇਸ ਕਾਰਜ ’ਤੇ ਡੇਢ ਤੋਂ 2 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ।
ਉਹਨਾਂ ਦੱਸਿਆ ਕਿ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਾਂਗੇ ਕਿ ਉਹ ਅਜਿਹੀਆਂ ਕਲੌਨੀਆਂ ਤੇ ਪਿੰਡਾਂ ਵਿਚ ਸਫਾਈ ਮੁਹਿੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾਉਣ। ਉਹਨਾਂ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਭੇਜਣ ਲਈ ਈ ਪਟੀਸ਼ਨ ਵੀ ਸ਼ੁਰੂ ਕਰਨਗੇ ਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਹਸਤਾਖ਼ਰ ਕਰਵਾ ਕੇ ਅਪੀਲ ਪ੍ਰਧਾਨ ਮੰਤਰੀ ਨੂੰ ਭੇਜਣਗੇ। ਇਸ ਦੌਰਾਨ ਉਹਨਾਂ ਨੇ ਕੇਂਦਰ ਤੇ ਰਾਜਾਂ ਨੂੰ ਫਿਰ ਤੋਂ ਅਪੀਲ ਕੀਤੀ ਕਿ ਦੇਸ਼ ਵਿਚ ਫਲੈਕਸ ਬੋਰਡ ਬਣਾਉਣ ਦਾ ਕੰਮ ਬੰਦ ਕੀਤਾ ਜਾਵੇ ਕਿਉਂਕਿ ਇਸ ਨਾਲ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਫੈਲਦੀਆਂ ਹਨ। ਉਹਨਾਂ ਕਿਹਾ ਕਿ ਹੁਣ ਤਾਂ ਲੋਕ ਸਭਾ ਚੋਣਾਂ ਚਲ ਰਹੀਆਂ ਹਨ ਜਿਸ ਵਿਚ ਇਹ ਫਲੈਕਸ ਬੋਰਡ ਹੋਰ ਵੀ ਵੱਡੀ ਪੱਧਰ ’ਤੇ ਲੱਗਣਗੇ ਜੋ ਕਿ ਬੇਹੱਦ ਘਾਤਕ ਸਾਬਤ ਹੋਣਗੇ। ਉਹਨਾਂ ਦੱਸਿਆਕਿ ਪੱਛਮੀ ਮੁਲਕਾਂ ਵਿਚ ਕਿਤੇ ਵੀ ਫਲੈਕਸ ਬੋਰਡ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਵਾਮੀ ਨਲੀਨਾਨੰਦ ਗਿਰੀ ਜੀ ਨੇ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲਿਆਂ ਨਾਲ ਮਿਲ ਕੇ ਲੋਕਾਂ ਨੂੰ ਹਿੰਦੂ-ਸਿੱਖ ਏਕਤਾ ਦਾ ਸੰਦੇਸ਼ ਵੀ ਦਿੱਤਾ। ਦੋਵਾਂ ਮਹਾਂਪੁਰਖਾਂ ਨੇ ਰਮਾਇਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਪਸੀ ਸਾਂਝ, ਮਿਲਵਰਤਣ ਤੇ ਨਿੱਘੇ ਰਿਸ਼ਤੇ ਹੀ ਨਰੋਏ ਸਮਾਜ ਦੀ ਸਿਰਜਣਾ ਯਕੀਨੀ ਬਣਾ ਸਕਦੇ ਹਨ। ਇਸ ਦੌਰਾਨ ਸਵਾਮੀ ਨਲੀਨਾਨੰਦ ਗਿਰਜੀ ਜੀ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਦੇਸ਼ ਵਿਚ ਜਿੰਨੇ ਵੱਡੇ-ਵੱਡੇ ਧਾਰਮਿਕ ਡੇਰੇ ਹਨ, ਉਹਨਾਂ ਦੀਆਂ ਜਾਇਦਾਦਾਂ ਦਾ ਇਕ ਹਿੱਸਾ ਉਹਨਾਂ ਦੇ ਸੰਤਾਂ ਮਹਾਤਮਾ ਵਾਸਤੇ ਛੱਡ ਕੇ ਬਾਕੀ ਧਨ ਦੌਲਤ ਦੀ ਵਰਤੋਂ ਸਕੂਲ ਅਤੇ ਹਸਪਤਾਲਾਂ ਦੇ ਨਿਰਮਾਣ ਵਾਸਤੇ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਧਾਰਮਿਕ ਡੇਰਿਆਂ ਕੋਲ ਬੇਸ਼ੁਮਾਰ ਜਾਇਦਾਦ ਹੈ ਜਿਸਦੀ ਸਦਵਰਤੋਂ ਹੋ ਸਕਦੀ ਹੈ। ਉਹਨਾਂ ਇਹਵੀ ਕਿਹਾ ਕਿ ਉਹ ਆਪਣੀ ਜਾਇਦਾਦ ਦੇ ਕੇ ਇਸ ਮੁਹਿੰਮ ਦੀ ਸ਼ੁਰੂਆ ਕਰਵਾ ਸਕਦੇ ਹਨ।