ਪਟਿਆਲਾ : ਸੀਨੀਅਰ ਅਕਾਲੀ ਨੇਤਾ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਦਾ ਸਕਾ ਭਾਣਜਾ ਅਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਿਆ। ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਭਾਜਪਾ ਦੇ ਸੂਬਾਈ ਇੰਚਾਰਜ ਵਿਜੇ ਰੁਪਾਣੀ, ਸਾਬਕਾ ਮੁਖਮੰਤਰੀ ਗੁਜਰਾਤ ਤੇ ਸਹਿ ਇੰਚਾਰਜ ਨਰਿੰਦਰ ਰੈਣਾ ਅਤੇ ਜਨਰਲ ਸਕੱਤਰ ਪਰਮਿੰਦਰ ਬਰਾੜ ਤੇ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਦੀ ਹਾਜ਼ਰੀ ਵਿਚ ਹਰਪਾਲਪੁਰ ਨੇ ਭਾਜਪਾ ਦਾ ਪੱਲਾ ਫੜਿਆ। ਭਾਜਪਾ ਆਗੂਆਂ ਨੇ ਕਿਹਾ ਕਿ ਹਰਪਾਲਪੁਰ ਦੇ ਪਾਰਟੀ ’ਚ ਆਉਣ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਭਾਜਪਾ ਨੂੰ ਵਧੇਰੇ ਬਲ ਮਿਲੇਗਾ ਕਿਉਂਕਿ ਹਰਪਾਲਪੁਰ ਵਿਦਿਆਰਥੀ ਸਮੇਂ ਤੋਂ ਕਾਲਜ ਚ ਵਿਦਿਆਰਥੀ ਆਗੂ ਰਹਿਣ ਤੋਂ ਬਾਆਦ ਚਾਰ ਦਹਾਕਿਆਂ ਤੋਂ ਅਕਾਲੀ ਸਫਾਂ ਵਿੱਚ ਵਿਚਰ ਰਹੇ ਹਨ। ਮੁੱਢ ਤੋਂ ਹੀ ਅਕਾਲੀ ਦਲ ਨਾਲ ਜੁੜੇ ਆ ਰਹੇ ਹਰਪਾਲਪੁਰ ਦਸ ਸਾਲ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਦੋ ਸਾਲ ਅਕਾਲੀ ਦਲ ਦੇ ਸੰਯੁਕਤ ਸਕੱਤਰ ਰਹਿਣ ਸਮੇਤ ਹੁਣ ਅਕਾਲੀ ਦਲ ਦੀ ਪੀਏਸੀ ਦੇ ਮੈਂਬਰ ਵਜੋਂ ਕਾਰਜ਼ਸ਼ੀਲ ਸਨ। ਉਹ ਪੰਜਾਬ ਖਾਦੀ ਗ੍ਰਾਮ ਉਦਯੋਗ ਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਹਰਪਾਲਪੁਰ ਪੂਰੇ ਇਲਾਕੇ ਚ ਸਤਿਕਾਰੇ ਜਾਣ ਵਾਲੇ ਧਾਕੜ ਵਜੋਂ ਜਾਣੇ ਜਾਂਦੇ ਹਨ। ਉਹ ਆਪਣੇ ਮਾਮੇ ਪ੍ਰੋਫੈਸਰ ਪੇ੍ਰਮ ਸਿੰਘ ਚੰਦੂਮਾਜਰਾ ਨਾਲ ਪਿਛਲੇ ਕਾਫੀ ਸਮੇਂ ਤੋਂ ਨਾਰਾਜ਼ ਚਲੇ ਆ ਰਹੇ ਹਨ।