ਪਟਿਆਲਾ : ਪਟਿਆਲਾ ਲੋਕ ਸਭਾ ਚੋਣਾਂ 2019 ਵਿੱਚ ਹੋਈ 67.71 ਫ਼ੀਸਦੀ ਪੋਲਿੰਗ ਤੋਂ ਬਾਅਦ ਇਸ ਵਾਰੀ 2024 ਵਿੱਚ 70 ਫ਼ੀਸਦੀ ਤੋਂ ਵਧ ਵੋਟਾਂ ਤੋਂ ਉਪਰ ਟੀਚਾ ਹਾਸਲ ਕਰਨ ਲਈ ਸਵੀਪ ਟੀਮ ਪਟਿਆਲਾ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਨਾਲੋ ਇਸ ਵਾਰ ਵੋਟਾਂ ਦੀ ਪ੍ਰਤੀਸ਼ਤ ਦੇ ਟੀਚੇ ਨੂੰ ਵਧਾਉਣ ਲਈ ਜ਼ਿਲ੍ਹਾ ਸਵੀਪ ਟੀਮ ਇਨ੍ਹਾਂ ਦਿਨਾਂ ’ਚ ਜ਼ਿਲ੍ਹੇ ਦੇ ਬੱਸ ਸਟੈਂਡਾਂ, ਸੜਕਾਂ ਅਤੇ ਜਨਤਕ ਸਥਾਨਾਂ ਉਪਰ ਨੁੱਕੜ-ਨਾਟਕ ਕਰਵਾ ਕੇ ਲੋਕਾਂ ਨੂੰ ਵੋਟਾਂ ਦੀ ਅਹਿਮੀਅਤ ਬਾਰੇ ਜਾਗਰੂਕ ਕਰ ਰਹੀ ਹੈ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਾਉਣ ਦੇ ਨਾਲ ਪੈਨਸ਼ਨਰਜ਼ ਹੋਮ ਵਿੱਚ ਜਾ ਕੇ ਬਜ਼ੁਰਗਾਂ ਨੂੰ ਇੱਕ-ਇੱਕ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਨੋਡਲ ਅਫ਼ਸਰ ਡਾ ਸਵਿੰਦਰ ਰੇਖੀ ਨੇ ਲੋਕਾਂ ਨੂੰ ਚੋਣਾਂ ਵਿੱਚ ਇੱਕ ਵੋਟ ਦੀ ਤਾਕਤ ਦੀ ਅਹਿਮੀਅਤ ਬਾਰੇ ਵੋਟਰਾਂ ਨੂੰ ਜਾਗਰੂਕ ਕੀਤਾ ਅਤੇ ਵੋਟ ਮਜ਼ਬੂਤ ਇਰਾਦੇ ਨਾਲ ਪਾਉਣੀ ਲਈ ਪ੍ਰੇਰਿਤ ਕੀਤਾ। ਸਵੀਪ ਟੀਮ ਨੇ ਜਨਤਾ ਨੂੰ "ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਓ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਪਾਓ" ਦਾ ਨਾਅਰਾ ਦਿੱਤਾ।