ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ 'ਰਾਜਸਥਾਨ ਦਾ ਆਰਥਿਕ ਵਿਕਾਸ' ਵਿਸ਼ੇ ਉੱਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ। ਇਹ ਭਾਸ਼ਣ ਮੋਹਨ ਲਾਲ ਸੁਖਾਦੀਆ ਯੂਨੀਵਰਸਿਟੀ, ਉਦੈਪੁਰ ਤੋਂ ਪਹੁੰਚੇ ਪ੍ਰੋ. ਅਰੁਣ ਪ੍ਰਭਾ ਚੌਧਰੀ ਵੱਲੋਂ ਦਿੱਤਾ ਗਿਆ। ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਦੇ ਡਾਇਰਕਟਰ ਪ੍ਰੋ. ਹਰਵਿੰਦਰ ਕੌਰ ਨੇ ਬੁਲਾਰੇ ਦੀ ਜਾਣ-ਪਛਾਣ ਕਰਵਾਈ ਅਤੇ ਵਿਸ਼ੇ ਦੀ ਪ੍ਰਸੰਗਿਕਤਾ ਬਾਰੇ ਚਾਨਣਾ ਪਾਇਆ। ਪ੍ਰੋ. ਹਰਵਿੰਦਰ ਕੌਰ ਨੇ ਵਿਸ਼ੇ ਸੰਬੰਧੀ ਅਹਿਮ ਟਿੱਪਣੀਆਂ ਕਰਦਿਆਂ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਅਤੇ ਰਾਜਸਥਾਨ ਦੀਆਂ ਅਰਥਵਿਵਸਥਾਵਾਂ ਵੱਖ-ਵੱਖ ਚਾਲ ਚੱਲੀਆਂ ਹਨ। ਫਿਰ ਵੀ ਦੋਵੇਂ ਰਾਜ ਇੱਕ ਦੂਜੇ ਦੇ ਤਜਰਬੇ ਤੋਂ ਮਹੱਤਵਪੂਰਨ ਸਬਕ ਸਿੱਖ ਸਕਦੇ ਹਨ।
ਪ੍ਰੋ. ਅਰੁਣ ਪ੍ਰਭਾ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਰਾਜਸਥਾਨ ਦੇ ਆਰਥਿਕ ਵਿਕਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਅਤੇ ਇਸ ਨੂੰ ਸਿਆਸੀ ਅਤੇ ਸੱਭਿਆਚਾਰਕ ਅਤੀਤ ਨਾਲ ਜੋੜਿਆ। ਉਨ੍ਹਾਂ ਜਗੀਰੂ ਰਿਆਸਤਾਂ ਦੇ ਸਮੂਹ ਤੋਂ ਇੱਕ ਆਧੁਨਿਕ ਲੋਕਤੰਤਰੀ ਸਮਾਜ ਤੱਕ ਰਾਜਸਥਾਨ ਦੇ ਵਿਕਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਆਰਥਿਕ ਮੋਰਚੇ 'ਤੇ, ਰਾਜਸਥਾਨ ਨੇ ਸਿਹਤ, ਸਿੱਖਿਆ ਅਤੇ ਸੈਰ-ਸਪਾਟੇ ਦੇ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਉਨ੍ਹਾਂ ਰਾਜਸਥਾਨ ਵਿੱਚ ਪਾਣੀ ਦੀ ਕਮੀ ਅਤੇ ਸਿੰਚਾਈ ਸਹੂਲਤਾਂ ਦੀ ਘਾਟ ਕਾਰਨ ਖੇਤੀਬਾੜੀ ਖੇਤਰ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰ ਨਾਲ਼ ਗੱਲ ਕੀਤੀ। ਰਾਜਸਥਾਨ ਦੀਆਂ ਸਮਾਜਿਕ ਸਥਿਤੀਆਂ 'ਤੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਪ੍ਰੋ. ਚੌਧਰੀ ਨੇ ਕਿਹਾ ਕਿ ਰਾਜਸਥਾਨ ਅਜੇ ਵੀ ਆਪਣੇ ਜਗੀਰੂ ਇਤਿਹਾਸ ਅਤੇ ਪੁਰਖੀ ਕਦਰਾਂ-ਕੀਮਤਾਂ ਦੇ ਸਥਾਈ ਪ੍ਰਭਾਵਾਂ ਤੋਂ ਪੀੜਤ ਹੈ। ਸੈਂਟਰ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਵੱਲੋਂ ਸੈਸ਼ਨ ਦੇ ਅੰਤ ਵਿੱਚ ਬੁਲਾਰੇ ਨਾਲ਼ ਸੰਵਾਦ ਰਚਾਇਆ।
ਇਸ ਪ੍ਰੋਗਰਾਮ ਦੇ ਕੋ-ਕਨਵੀਨਰ ਪ੍ਰੋ. ਸ਼ੈਲਿੰਦਰ ਸੇਖੋਂ ਅਤੇ ਪ੍ਰੋ. ਮਨੀਸ਼ਾ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ।