ਚੰਡੀਗੜ੍ਹ : ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਰਾਮਨਵਮੀ ਦੇ ਪਵਿੱਤਰ ਮੌਕੇ 'ਤੇ ਜਿਲ੍ਹਾ ਪੰਚਕੂਲਾ ਦੇ ਸੈਕਟਰ-12ਏ ਸਥਿਤ ਸ੍ਰੀ ਕੇਂਕਟੇਸ਼ਵਰ ਸਵਾਮੀ ਮੰਦਿਰ ਵਿਚ ਪਹੁੰਚ ਕੇ ਪੂਜਾ ਅਰਚਣਾਂ ਕੀਤੀ ਅਤੇ ਭਗਵਾਨ ਵੇਂਕਟੇਸ਼ਵਰ ਦਾ ਆਸ਼ੀਰਵਾਦ ਲਿਆ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਸਕੱਤਰ ਅਤੇ ਸ੍ਰੀ ਵੇਂਕਟੇਸ਼ਵਰ ਸਵਾਮੀ ਮੰਦਿਰ ਸੈਕਟਰ 12ਏ ਦੇ ਪ੍ਰਧਾਨ ਸ੍ਰੀ ਟੀਵੀਐਸਐਨ ਪ੍ਰਸਾਦ ਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸ੍ਰੀਦੇਵੀ ਵੀ ਮੌਜੂਦ ਸਨ। ਸ੍ਰੀ ਟੀਵੀਐਸਐਨ ਪ੍ਰਸਾਦ ਨੇ ਮੰਦਿਰ ਵਿਚ ਪਹੁੰਚਣ 'ਤੇ ਰਾਜਪਾਲ ਦਾ ਸਵਾਗਤ ਕੀਤਾ।
ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਸੂਬਾਵਾਸੀਆਂ ਨੂੰ ਰਾਮਨਵਮੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ 'ਤੇ ਸ੍ਰੀ ਵੇਂਕਟੇਸ਼ਵਰ ਸਵਾਮੀ ਤਿਰੂਪਤੀ ਬਾਲਾਜੀ ਮੰਦਿਰ, ਕੁਰੂਕਸ਼ੇਤਰ ਵਿਚ ਆਏ ਪੁਜਾਰੀਆਂ ਵੱਲੋਂ ਪੂਜਾ ਅਰਚਣਾ ਕੀਤੀ ਗਈ। ਮੰਦਿਰ ਵਿਚ ਸ੍ਰੀ ਸੀਤਾਰਾਮ ਕਲਿਯਾਣਾਮ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ, ਜਿਸ ਵਿਚ ਸੈਂਕੜੇ ਭਗਤਾਂ ਨੇ ਹਿੱਸਾ ਲਿਆ। ਇਹ ਸਦੀਆਂ ਪੁਰਾਣੀ ਰਿਵਾਇਤ ਬਹੁਤ ਵੱਧ ਸਭਿਆਚਾਰਕ ਅਤੇ ਧਾਰਮਿਕ ਮਹਤੱਵ ਰੱਖਦੀ ਹੈ। ਸ੍ਰੀ ਸੀਤਾਰਾਮ ਕਲਿਆਣਮ ਦੇ ਬਾਅਦ ਸ੍ਰੀ ਦੱਤਾਤ੍ਰੇਅ ਨੇ ਪ੍ਰਸਾਦ ਗ੍ਰਹਿਣ ਕੀਤਾ। ਸ੍ਰੀ ਵੇਂਕਟੇਸ਼ਵਰ ਸਵਾਮੀ ਮੰਦਿਰ ਦੇ ਪ੍ਰਤੀਨਿਧੀਆਂ ਨੇ ਰਾਜਪਾਲ ਨੂੰ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ। ਇਸ ਮੌਕੇ 'ਤੇ ਡੀਸੀਪੀ ਹਿਮਾਦੀ ਕੌਸ਼ਿਕ, ਜਿਲ੍ਹਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਗਨੀਦੀਪ ਸਿੰਘ, ਸ੍ਰੀ ਵੇਂਕਟੇਸ਼ਵਰ ਸਵਾਮੀ ਮੰਦਿਰ ਦੀ ਸਕੱਤਰ ਸ੍ਰੀਮਤੀ ਨੀਰਜਾ, ਆਈਪੀਐਸ, ਮੈਂਬਰ ਸੰਜੀਵ ਕੁਮਾਰ ਸਮੇਤ ਭਾਰਤੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।