ਅੰਬਾਲਾ : ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਧਰਨੇ ਦੇ ਸਬੰਧ ਵਿੱਚ ਅੱਜ ਕਿਸਾਨਾਂ ਵੱਲੋਂ ਅੰਬਾਲਾ-ਲੁਧਿਆਣਾ ਰੇਲ ਮਾਰਗ ’ਤੇ ਧਰਨਾ ਦਿੱਤਾ। ਦੁਪਹਿਰ 12 ਵਜੇਂ ਦੇ ਕਰੀਬ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਰੇਲਵੇ ਸਟੇਸ਼ਨ ’ਤੇ ਇਕੱਤਰ ਹੋਣ ਲੱਗ ਪਏ ਅਤੇ ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਤਰ ਹੋ ਗਏ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਧਰਨੇ ਕਾਰਨ ਲਗਪਗ 18 ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ ਜਦਕਿ 8 ਦੇ ਕਰੀਬ ਰਸਤੇ ਵਿੱਚ ਹੀ ਰੁਕੀਆਂ ਰਹੀਆਂ। ਜਿਸ ਕਾਰਨ ਵੱਡੀ ਗਿਣਤੀ ਵਿੱਚ ਮੁਸਾਫ਼ਿਰਾਂ ਨੂੰ ਪ੍ਰੇਸ਼ਾਨੀ ਵੀ ਝੱਲਣੀ ਪਈ ਹੈ। ਇਹ ਪਤਾ ਲਗਿਆ ਹੈ ਕਿ 9 ਕੇ ਕਰੀਬ ਰੇਲ ਗੱਡੀਆਂ ਨੂੰ ਰਸਤੇ ਵਿਚੋਂ ਹੀ ਰੋਕ ਕੇ ਵਾਪਸ ਭੇਜਿਆ ਗਿਆ। ਜਦੋਂ ਰੇਲਵੇ ਵਿਭਾਗ ਨੂੰ ਕਿਸਾਨਾਂ ਵੱਲੋਂ ਧਰਨੇ ਦਾ ਪਤਾ ਲਗਿਆ ਤਾਂ ਲਗਪਗ 46 ਦੇ ਕਰੀਬ ਰੇਲ ਗੱਡੀਆਂ ਨੂੰ ਬਦਲਵੇਂ ਮਾਰਗਾਂ ਰਾਹੀਂ ਭੇਜਿਆ ਗਿਆ। ਇਹ ਪਤਾ ਲਗਿਆ ਹੈ ਕਿ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਪੁਲਿਸ ਨੂੰ ਸਫ਼ਲਤਾ ਹੱਥ ਨਹੀਂ ਲੱਗੀ।