ਹਿਸਾਰ : ਹਿਸਾਰ-ਸਿਰਸਾ ਬਾਈਪਾਸ ’ਤੇ ਬਿਜਲੀ ਦੇ ਟਰਾਂਸਫ਼ਾਰਮਰ ਤੋਂ ਨਿਕਲੀਆਂ ਚੰਗਿਆੜੀਆਂ ਕਾਰਨ ਸੜਕ ਕਿਨਾਰੇ ਪਈਆਂ ਰਬੜ ਦੀਆਂ ਪਾਈਪਾਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਦਾ ਧੂੰਆਂ 10 ਕਿਲੋਮੀਟਰ ਦੂਰ ਤੋਂ ਵੀ ਵੇਖਿਆ ਜਾ ਸਕਦਾ ਸੀ। ਅੱਗ ਦਾ ਧੂੰਆਂ ਹਾਊਸਿੰਗ ਬੋਰਡ ਸਣੇ ਨੇੜਲੀਆਂ ਕਾਲੋਨੀਆਂ ਦੇ ਘਰਾਂ ਵਿੱਚ ਜਾ ਦਾਖ਼ਲ ਹੋਇਆ ਜਿਸ ਕਾਰਨ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਿਸੇ ਵੱਲੋਂ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਅੱਗ ਬੁਝਾਊ ਦਸਤੇ ਵੱਲੋਂ ਅੱਗ ’ਤੇ ਕਾਬੂ ਪਾਉਣ ਲਈ ਬਹੁਤ ਮੁਸ਼ੱਕਤ ਕਰਨੀ ਪਈ। ਰਾਹਗੀਰਾਂ ਨੇ ਦਸਿਆ ਕਿ ਅੱਗ ਲੱਗਣ ਦਾ ਕਾਰਨ ਟਰਾਂਸਫ਼ਾਰਮਰ ਵਿੱਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਲੱਗੀ। ਟਰਾਂਸਫ਼ਾਰਮਰ ਦੀਆਂ ਚੰਗਿਆੜੀਆਂ ਨੇੜੇ ਪਈਆਂ ਰਬੜ ਦੀਆਂ ਪਾਈਪਾਂ ’ਤੇ ਜਾ ਡਿੱਗੀਆਂ ਜਿਸ ਕਾਰਨ ਅੱਗ ਸੁਲਗਣ ਲੱਗ ਪਈ ਅਤੇ ਦੇਖਦੇ ਹੀ ਦੇਖਦੇ ਅੱਗ ਵੱਧ ਗਈ ਜਿਸ ਕਾਰਨ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕਰਨਾ ਪਿਆ।