ਸੁਨਾਮ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਸੋਮਵਾਰ ਨੂੰ ਸੁਨਾਮ ਦੀ ਆਨਾਜ ਮੰਡੀ ਵਿੱਚ ਰੱਖੀ ਰੈਲੀ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਤੋਂ ਮੁੱਖ ਮੰਤਰੀ ਨੂੰ ਜਾਣੂੰ ਕਰਵਾਉਣ ਲਈ ਪੁੱਜੇ ਲੇਕਿਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਕਰਵਾਉਣ ਕਾਰਨ ਨਿਰਾਸ਼ ਹੋ ਕੇ ਵਾਪਿਸ ਪਰਤ ਗਏ। ਪੁਲਿਸ ਅਧਿਕਾਰੀਆਂ ਨੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਦੂਰ ਰੱਖਕੇ ਮੁੱਖ ਮੰਤਰੀ ਦੇ ਅਮਲੇ ਅਤੇ ਆਪਣੇ ਹੀ ਮਹਿਕਮੇ ਦੇ ਕਰਮਚਾਰੀਆਂ ਨੇ ਮੰਗ ਪੱਤਰ ਫੜ੍ਹਕੇ ਬੁੱਤਾ ਸਾਰ ਲਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਯੂਨੀਅਨ, ਬੇਰੁਜ਼ਗਾਰ ਪੀਟੀਆਈ 646 ਅਧਿਆਪਕ ਯੂਨੀਅਨ 2011, ਵੈਟਰਨਰੀ ਏ ਆਈ, ਮਸਤੂਆਣਾ ਕਾਲਜ਼ ਬਚਾਓ ਸੰਘਰਸ਼ ਕਮੇਟੀ ਅਤੇ ਪੁਰਾਣੀ ਪੈਨਸ਼ਨ ਬਹਾਲੀ ਯੂਨੀਅਨ ਦੇ ਨੁਮਾਇੰਦਿਆਂ ਜਸਵਿੰਦਰ ਸਿੰਘ, ਬਲਕਾਰ ਸਿੰਘ, ਛੋਟਾ ਹਾਥੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ, ਜਸਵੰਤ ਸਿੰਘ ਕਾਕਾ, ਰਾਜ ਕੁਮਾਰ ਧੂਰੀ, ਮੇਵਾ ਸਿੰਘ, ਜਗਤਾਰ ਸਿੰਘ, ਮੇਵਾ ਸਿੰਘ, ਰਾਜਿੰਦਰ ਕੌਰ, ਰਣਜੀਤ ਕੌਰ, ਬਹਾਦਰ ਸਿੰਘ ਅਤੇ ਜੱਗਰ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਕੇ ਇਸ ਆਪਣੀਆਂ ਮੰਗਾਂ ਤੋਂ ਜਾਣੂੰ ਕਰਵਾਉਣ ਲਈ ਆਏ ਸੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮੁਲਾਕਾਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾਉਣ ਦਾ ਭਰੋਸਾ ਦੇਕੇ ਲੰਮਾ ਸਮਾਂ ਮੰਡੀ ਦੀ ਇੱਕ ਦੁਕਾਨ ਵਿੱਚ ਬਿਠਾਕੇ ਰੱਖਿਆ ਲੇਕਿਨ ਮੁੱਖ ਮੰਤਰੀ ਸਟੇਜ ਤੋਂ ਬੋਲਕੇ ਕਾਰ ਵਿੱਚ ਬੈਠ ਕੇ ਚਲੇ ਗਏ ਸਾਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਆਪਣੇ ਹੀ ਮਹਿਕਮੇ ਦੇ ਕਰਮਚਾਰੀਆਂ ਨੂੰ ਮੰਗ ਪੱਤਰ ਨੋਟ ਕਰਵਾਕੇ ਵਾਪਿਸ ਭੇਜ ਦਿੱਤਾ। ਛੋਟਾ ਹਾਥੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮਾਣਯੋਗ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਹੋਇਆ ਹੈ ਲੇਕਿਨ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕਰਨਗੇ ਪ੍ਰਸ਼ਾਸਨ ਦੇ ਝੂਠੇ ਲਾਰਿਆਂ ਵਿਚ ਨਹੀਂ ਆਉਣਗੇ। ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਦੋ ਮੈਂਬਰਾਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਲਈ ਇੱਥੇ ਲੈ ਆਏ ਅਤੇ ਬਾਕੀਆਂ ਨੂੰ ਕਿਤੇ ਹੋਰ ਰੋਕੀ ਰੱਖਿਆ। ਕਾਲਜ਼ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਕਾਲਜ਼ ਬਣਾਉਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਅੱਜ ਕਮੇਟੀ ਦੇ ਮੈਂਬਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਆਏ ਸਨ ਲੇਕਿਨ ਬਗੈਰ ਮਿਲ਼ੇ ਵਾਪਿਸ ਜਾਣਾ ਪੈ ਰਿਹਾ ਹੈ।