ਮਾਲੇਰਕੋਟਲਾ : ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਲਾਇਫ ਟਾਈਮ ਪ੍ਰਧਾਨ ਕਰਤਾਰ ਸਿੰਘ (ਆਈ.ਪੀ.ਐਸ) ਓਲੰਪੀਅਨ, ਪਦਮ ਸ਼੍ਰੀ ਅਰਜ਼ਨਾ ਐਵਾਰਡੀ ਏਸ਼ੀਅਨ ਗੋਲਡ ਮੈਡਲਿਸਟ ਨੇ ਜਿਲ੍ਹਾ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਖਾਲਿਦ ਥਿੰਦ ਦੀ ਸਿਫਾਰਸ਼ ਤੇ ਮੁਹੰਮਦ ਅਸ਼ਰਫ ਅਬਦੁੱਲਾ (ਸਾਬਕਾ ਕੌਂਸਲਰ) ਨੂੰ ਜਿਲ੍ਹਾ ਉੱਪ ਪ੍ਰਧਾਨ ਅਤੇ ਜ਼ਹੂਰ ਅਹਿਮਦ ਚੌਹਾਨ ਨੂੰ ਉਨ੍ਹਾਂ ਦੀ ਸਰਗਰਮੀ ਅਤੇ ਕੁਸ਼ਤੀ ਗਤੀਵਿਧੀਆਂ ਵਿੱਚ ਦਿਲਚਸਪੀ ਨੂੰ ਦੇਖਦੇ ਹੋਏ ਫਾਇਨਾਂਸ ਸਕੱਤਰ ਨਿਯੁਕਤ ਕੀਤਾ ਗਿਆ ਹੈ।ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਲਾਈਫਟਾਈਮ ਪ੍ਰਧਾਨ ਕਰਤਾਰ ਸਿੰਘ ਦੀ ਕਾਮਨਾ ਹੈ ਕਿ ਮਲੇਰਕੋਟਲਾ, ਸੰਗਰੂਰ ਦੇ ਇਲਾਕੇ ਕੁਸ਼ਤੀ ਦੇ ਖੇਤਰ ਵਿਚ ਆਪਣੇ ਵੱਡੇ ਯੋਗਦਾਨ ਲਈ ਕਾਫੀ ਮਸ਼ਹੂਰ ਰਹੇ ਹਨ ਅਤੇ ਇਸ ਖੇਤਰ ਵਿੱਚ ਕੁਸ਼ਤੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਨਾਮਜ਼ਦਗੀ ਐਸੋਸੀਏਸ਼ਨ ਲਈ ਬਹੁਤ ਲਾਹੇਵੰਦ ਅਤੇ ਕਾਰਗਰ ਸਿੱਧ ਹੋਵੇਗੀ। ਜਿਲ੍ਹਾ ਪ੍ਰਧਾਨ ਖਾਲਿਦ ਥਿੰਦ ਨੇ ਇਸ ਨਾਮਜ਼ਦਗੀ ਲਈ ਐਸੋਸੀਏਸ਼ਨ ਦੇ ਲਾਈਫ ਟਾਈਮ ਪ੍ਰਧਾਨ ਕਰਤਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਾਲੇਰਕੋਟਲਾ ਦੇ ਯੋਗ ਅਤੇ ਸਰਗਰਮ ਲੋਕਾਂ ਨੂੰ ਐਸੋਸੀਏਸ਼ਨ ਵਿੱਚ ਸ਼ਾਮਲ ਕਰਕੇ ਨਾ ਸਿਰਫ਼ ਮਾਲੇਰਕੋਟਲਾ ਨਾਲ ਆਪਣਾ ਸਬੰਧ ਸਾਬਤ ਕੀਤਾ ਹੈ, ਸਗੋਂ ਸੰਜੀਦਾ ਅਤੇ ਯੋਜਨਾਬੱਧ ਤਰੀਕੇ ਨਾਲ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕੀਤੇ ਗਏ ਹਨ। ਇਲਾਕੇ ਦੇ ਉੱਘੇ ਖਿਡਾਰੀਆਂ ਨੇ ਅਸ਼ਰਫ ਅਬਦੁੱਲਾ ਅਤੇ ਜ਼ਹੂਰ ਅਹਿਮਦ ਚੌਹਾਨ ਨੂੰ ਵਧਾਈ ਦਿੱਤੀ ਹੈ। ਲਾਈਫ ਟਾਈਮ ਪ੍ਰਧਾਨ ਕਰਤਾਰ ਸਿੰਘ ਨੇ ਵੀ ਆਸ ਪ੍ਰਗਟਾਈ ਕਿ ਐਸੋਸੀਏਸ਼ਨ ਦੇ ਉਕਤ ਦੋਵੇਂ ਨੌਜ਼ਵਾਨਾਂ ਦੀ ਜਿੰਮੇਵਾਰੀ ਨੂੰ ਸਵੀਕਾਰ ਕਰਨਾ ਸਾਡੇ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ, ਇਸ ਨਾਲ ਐਸੋਸੀਏਸ਼ਨ ਨੂੰ ਸਥਿਰਤਾ ਮਿਲੇਗੀ। ਇਸ ਮੌਕੇ ਨਵ ਨਿਯੁਕਤ ਉੱਪ ਪ੍ਰਧਾਨ ਅਸ਼ਰਫ ਅਬਦੁੱਲਾ ਅਤੇ ਫਾਇਨਾਂਸ ਸਕੱਤਰ ਜ਼ਹੂਰ ਅਹਿਮਦ ਚੌਹਾਨ ਨੇ ਵਿਸ਼ਵਾਸ ਦਿਵਾਇਆ ਕਿ ਕੁਸ਼ਤੀ ਖੇਡ ਨੂੰ ਜਿਲ੍ਹੇ ਵਿੱਚ ਹਰਮਨ ਪਿਆਰਾ ਬਣਾਉਣ ਲਈ ਉਚੇਚੇ ਯਤਨ ਕਰਨ ਦੇ ਨਾਲ ਨਾਲ ਖਿਡਾਰੀਆਂ ਦੀ ਆਰਥਿਕ ਮਦਦ ਵੀ ਕਰਨਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਖਾਲਿਦ ਥਿੰਦ ਤੋਂ ਇਲਾਵਾ ਇਰਫਾਨ ਅੰਜੁਮ, ਪ੍ਰਿੰਸੀਪਲ ਇਸਰਾਰ ਨਿਜ਼ਾਮੀ ਅਤੇ ਪੱਪੂ ਪਹਿਲਵਾਨ ਵੀ ਹਾਜ਼ਰ ਸਨ।