ਬਹਾਦਰਗੜ੍ਹ : ਟਿਕਰੀ ਬਾਰਡਰ ’ਤੇ ਜਾਰੀ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਆਈ ਅਤੇ ਫਿਰ ਕੋਰੋਨਾ ਨਾਲ ਮਾਰੀ ਗਈ ਪਛਮੀ ਬੰਗਾਲ ਦੀ ਕੁੜੀ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਵਿਚ ਛੇ ਜਣਿਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਚਾਰ ਕਿਸਾਨ ਆਗੂ ਅਤੇ ਅੰਦੋਲਨ ਨਾਲ ਜੁੜੀਆਂ ਦੋ ਮਹਿਲਾ ਵਲੰਟੀਅਰ ਸ਼ਾਮਲ ਹਨ। ਕੁੜੀ ਦੀ ਕੋਰੋਨਾ ਪੀੜਤ ਹੋਣ ਦੇ ਬਾਅਦ ਮੌਤ ਹੋ ਗਈ ਸੀ ਪਰ ਉਸ ਨਾਲ ਪਹਿਲਾਂ ਕੁਝ ਗ਼ਲਤ ਹੋਣ ਦੀ ਚਰਚਾ ਸੀ। ਸਨਿਚਰਵਾਰ ਨੂੰ ਟਿਕਰੀ ਬਾਰਡਰੀ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ। ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨ ’ਤੇ ਹੁਣ ਬਹਾਦਰਗੜ੍ਹ ਸ਼ਹਿਰ ਥਾਣਾ ਵਿਚ ਮਾਮਲਾ ਦਰਜ ਹੋਇਆ ਹੈ। ਕਈ ਜਥੇਬੰਦੀਆਂ ਦੇ ਆਗੂ ਇਸ ਮਾਮਲੇ ਨੂੰ ਚੁੱਕ ਰਹੇ ਸਨ। ਮੁਲਜ਼ਮ ਕਿਸਾਨ ਸੋਸ਼ਲ ਆਰਮੀ ਨਾਲ ਜੁੜੇ ਹਨ। ਮੁਲਜ਼ਮਾਂ ਵਿਚ ਅਨਿਲ ਮਲਿਕ, ਅਨੂਪ ਸਿੰਘ, ਅੰਕੁਸ਼ ਸਾਂਗਵਾਨ, ਜਗਦੀਸ਼ ਬਰਾੜ, ਕਵਿਤਾ ਆਰਿਆ ਅਤੇ ਯੋਗਿਤਾ ਸੁਹਾਗ ਸ਼ਾਮਲ ਹਨ। ਅਨੂਪ ਸਿੰਘ ਹਿਸਾਰ ਦੇ ਹਨ ਅਤੇ ਆਮ ਆਦਮੀ ਪਾਰਟੀ ਦੇ ਕਾਰਕੁਨ ਰਹੇ ਹਨ। ਕੁਝ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਮੋਦੀ ਸਰਕਾਰ ਦੀ ਚਾਲ ਹੈ। ਕਿਸਾਨਾਂ ਨੂੰ ਗ਼ਲਤ ਫਸਾਇਆ ਗਿਆ ਹੈ।