ਸਿਰਸਾ : ਸਿਰਸਾ ਦੀ ਚੌਧਰੀ ਦੇਵੀਲਾਲ ਯੂਨੀਵਰਸਿਟੀ ਵਿੱਚ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਤਹਿਤ ਨੌਕਰੀ ਲਗਵਾਉਣ ਦੇ ਨਾਮ ’ਤੇ 20 ਤੋਂ ਵਧੇਰੇ ਨੌਜਵਾਨਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਪਿੰਡ ਰਿਸਾਲਿਆ ਖੇੜਾ ਨਿਵਾਸੀ ਭੁਪਿੰਦਰ ਸਿੰਘ ਅਤੇ ਪਿੰਡ ਗੋਰੀਵਾਲਾ ਦੇ ਦਿਨੇਸ਼ ਕੁਮਾਰ ਨੇ ਯੂਨੀਵਰਸਿਟੀ ਦੇ ਇਕ ਕਲਰਕ ਅਤੇ ਹਿਸਾਰ ਦੇ ਦੋ ਵਿਅਕਤੀਆਂ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਡਬਵਾਲੀ ਸਦਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪੀੜਤ ਭੁਪਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦਸਿਆ ਹੈ ਕਿ ਉਹ 12ਵੀਂ ਪਾਸ ਹੈ। ਉਸਦੀ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਕਲਰਕ ਨਾਲ ਬੱਸ ਵਿੱਚ ਕਈ ਵਾਰ ਮੁਲਾਕਾਤ ਹੋਈ ਹੈ। ਕਲਰਕ ਨੇ ਉਸ ਨੂੰ ਕਿਹਾ ਕਿ ਕੌਸ਼ਲ ਰੁਜ਼ਗਾਰ ਦੇ ਤਹਿਤ ਉਸ ਨੂੰ ਯੂਨੀਵਰਸਿਟੀ ਵਿੱਚ ਕਲਰਕ ਦੀ ਨੌਕਰੀ ਦਿਵਾ ਦੇਵੇਗਾ। ਨੌਕਰੀ ਦੇ ਲਈ ਇਕ ਲੱਖ ਰੁਪਏ ਦਾ ਖ਼ਰਚਾ ਆਵੇਗਾ। ਭੁਪਿੰਦਰ ਸਿੰਘ ਨੇ ਇਹ ਵੀ ਦਸਿਆ ਕਿ ਯੂਨੀਵਰਸਿਟੀ ਦੇ ਕਲਰਕ ਨੇ ਉਸਨੂੰ ਇਹ ਵੀ ਕਿਹਾ ਕਿ ਜੇਕਰ ਨੌਕਰੀ ਨਾ ਲਗਵਾ ਪਾਇਆ ਤਾਂ ਉਹ ਰਕਮ ਡੇਢ ਗੁਣਾ ਕਰ ਕੇ ਵਾਪਸ ਕਰੇਗਾ। ਭੁਪਿੰਦਰ ਸਿੰਘ ਨੇ ਯੂਨੀਵਰਸਿਟੀ ਦੇ ਕਲਰਕ ਦੇ ਕਹਿਣ ’ਤੇ 89 ਹਜ਼ਾਰ ਦੀ ਰਕਮ ਕਿਸੇ ਨਵੀਨ ਕੁਮਾਰ ਦੇ ਖ਼ਾਤੇ ਵਿੱਚ ਪਾ ਦਿੱਤੀ। ਇਸੇ ਤਰ੍ਹਾਂ ਬੀਏ ਪਾਸ ਦਿਨੇਸ਼ ਕੁਮਾਰ ਨੇ ਦਸਿਆ ਕਿ ਉਹ ਪਿੰਡ ਗੋਰੀਵਾਲਾ ਦਾ ਰਹਿਣ ਵਾਲਾ ਹੈ ਉਸ ਨੇ ਯੂਨੀਵਰਸਿਟੀ ਦੇ ਕਲਰਕ ਨੂੰ ਆਪਣੇ ਦੋਸਤ ਦੇ ਕਹਿਣ ’ਤੇ 35 ਹਜ਼ਾਰ ਰੁਪਏ ਯੂਨੀਵਰਸਿਟੀ ਵਿੱਚ ਨੌਕਰੀ ਦਿਵਾਉਣ ਲਈ ਦਿੱਤੇ ਸਨ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਸ਼ਿਕਾਇਤ ਆਈ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।