ਨਵੀਂ ਦਿੱਲੀ : ਗੁਜਰਾਤ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਦਵਾਰਕਾ ਦੇ ਖੰਭਾਲੀਆ ਵਿੱਚ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਕਾਰਨ ਇਕ ਬਜ਼ੁਰਗ ਔਰਤ ਅਤੇ ਦੋ ਲੜਕੀਆਂ ਦੀ ਮੌਤ ਹੋ ਗਈ। ਗੁਜਰਾਤ ਵਿੱਚ ਪਿਛਲੇ ਦੋ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸੂਰਤ ਵਿੱਚ 24 ਘੰਟਿਆਂ ਵਿੱਚ 228 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ਵਿੱਚ ਭਾਰੀ ਮੀਂਹ ਕਾਰਨ ਦਾਂਤੇਵਾੜਾ ਜ਼ਿਲ੍ਹੇ ਦੇ ਕਿਰੰਦੁਲ ਵਿੱਚ ਸਥਿਤ ਐਨ.ਐਮ.ਡੀ.ਸੀ. ਦਾ ਚੈੱਕ ਡੈਮ ਟੁੱਟ ਗਿਆ ਹੈ। ਇਸ ਕਾਰਨ ਡੈਮ ਦਾ ਪਾਣੀ ਕਿਰੰਦੁਲ ਸ਼ਹਿਰ ਵਿਚ ਦਾਖ਼ਲ ਹੋ ਗਿਆ ਹੈ। ਇਸ ਦੌਰਾਨ 100 ਤੋਂ ਵੱਧ ਘਰ ਅਤੇ ਦੁਕਾਨਾਂ ਢਹਿ ਗਈਆਂ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸੜਕ ’ਤੇ ਖੜ੍ਹੇ ਛੋਟੇ ਵੱਡੇ ਵਾਹਨਾਂ ਦਾ ਨੁਕਸਾਨ ਹੋਇਆ ਹੈ। ਨੇਪਾਲ ਦੇ ਨਾਲ ਲਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਲਖੀਮਪੁਰ, ਗੋਰਖਪੁਰ, ਮਹਾਰਾਜਾਗੰਜ, ਗੋਂਡਾ, ਬਹਿਰਾਇਚ ਸਮੇਤ ਉਤਰ ਪ੍ਰਦੇਸ਼ ਦੇ 10 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਗੋਰਖਪੁਰ ਵਿੱਚ ਰਾਪਤੀ ਨਦੀ ਵੀ ਉਫ਼ਾਨ ’ਤੇ ਚੱਲ ਰਹੀ ਹੈ।