ਚੰਡੀਗੜ੍ਹ : ਹਰਿਆਣਾ ਦੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਓਲੰਪਿਕ ‘ਚ ਇਤਿਹਾਸ ਰਚ ਦਿੱਤਾ ਹੈ। ਭਾਕਰ ਨੇ ਅੰਬਾਲਾ ਦੇ ਸਰਬਜੋਤ ਸਿੰਘ ਨਾਲ ਮਿਲ ਕੇ ਅੱਜ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਭਾਰਤ ਨੂੰ ਕਾਂਸੀ ਦਾ ਤਗ਼ਮਾ ਦਿਵਾਇਆ। ਮਨੂ ਅਤੇ ਸਰਬਜੀਤ ਨੇ ਕਾਂਸੀ ਦਾ ਤਗਮਾ ਜਿੱਤਣ ‘ਤੇ ਪੂਰਾ ਹਰਿਆਣਾ ਜਸ਼ਨ ਵਿਚ ਡੁੱਬ ਗਿਆ। ਹੁਣ ਤੱਕ ਭਾਰਤ ਨੇ ਓਲੰਪਿਕ ਵਿੱਚ ਦੋ ਤਗਮੇ ਜਿੱਤੇ ਹਨ, ਜੋ ਦੋਵੇਂ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ। ਨਿਸ਼ਾਨੇਬਾਜ਼ ਮਨੂ ਭਾਕਰ ਡੀਏਵੀ ਕਾਲਜ ਤੋਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਕੋਰਸ ਕਰ ਰਹੀ ਹੈ। ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੇ ਜੱਜ ਅਤੇ ਕਾਲਜ ਸ਼ੂਟਿੰਗ ਕੋਚ ਡਾ: ਅਮਨਿੰਦਰ ਮਾਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨੂ ਭਾਕਰ ਨੇ ਪੈਰਿਸ ਜਾਣ ਤੋਂ ਪਹਿਲਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਉਹ ਓਲੰਪਿਕ ਤਮਗਾ ਜਿੱਤ ਕੇ ਹੀ ਦੇਸ਼ ਪਰਤੇਗੀ। ਉਨ੍ਹਾਂ ਕਿਹਾ ਕਿ ਮਨੂ ਨੇ ਆਪਣਾ ਵਾਅਦਾ ਪੂਰਾ ਕੀਤਾ।
ਸਾਲ 2021 ਵਿੱਚ ਟੋਕੀਓ ਓਲੰਪਿਕ ਵਿੱਚ ਖੇਡਦੇ ਹੋਏ ਮਨੂ ਭਾਕਰ ਦੀ ਪਿਸਤੌਲ ਖਰਾਬ ਹੋ ਗਈ ਸੀ। ਇਸ ਕਾਰਨ ਉਹ 20 ਮਿੰਟ ਤੱਕ ਨਿਸ਼ਾਨਾ ਨਹੀਂ ਲਗਾ ਸਕੀ। ਪਿਸਤੌਲ ਦੀ ਮੁਰੰਮਤ ਹੋਣ ਤੋਂ ਬਾਅਦ ਵੀ ਮਨੂ ਸਿਰਫ਼ 14 ਸ਼ਾਟ ਹੀ ਚਲਾ ਸਕੀ ਅਤੇ ਫਾਈਨਲ ਦੌੜ ਤੋਂ ਬਾਹਰ ਹੋ ਗਈ। ਟੋਕੀਓ ਓਲੰਪਿਕ ‘ਚ ਤਮਗਾ ਨਾ ਜਿੱਤਣ ‘ਤੇ ਉਹ ਇੰਨੀ ਨਿਰਾਸ਼ ਸੀ ਕਿ ਉਸ ਨੇ ਦੇਸ਼ ਪਰਤ ਕੇ ਸ਼ੂਟਿੰਗ ਛੱਡਣ ਦਾ ਫੈਸਲਾ ਕਰ ਲਿਆ ਸੀ। ਪਰ ਇਸ ਵਾਰ ਮਨੂ ਨੇ ਇਤਿਹਾਸ ਰਚਿਆ।