ਨਿਊਯਾਰਕ : ਕੋਰੋਨਾ ਨਾਲ ਜੂਝ ਰਹੀ ਦੁਨੀਆ ਲਈ ਇਥ ਵਧੀਆ ਖ਼ਬਰ ਹੈ ਕਿ ਵਿਗਿਆਨੀਆਂ ਨੇ ਇਕ ਹੋਰ ਟੀਕਾ ਇਜ਼ਾਦ ਕੀਤਾ ਹੈ ਅਤੇ ਉਸ ਦਾ ਪ੍ਰੀਖਣ ਵੀ ਕਰ ਲਿਆ ਹੈ ਜਿਸ ਤਹਿਤ ਇਹ ਟੀਕਾ ਪਹਿਲਾਂ ਵਾਲੇ ਟੀਕੇ ਤੋ ਵੱਧ ਕਾਰਗਰ ਸਾਬਤ ਹੋਇਆ ਹੈ। ਜਾਣਕਾਰੀ ਮੁਤਾਬਕ ਕੋਵਿਡ-19 ਰੋਕੂ ਇਕ ਨਵਾਂ ਟੀਕਾ ਬੰਦਰਾਂ ਅਤੇ ਚੂਹਿਆਂ ਨੂੰ ਕੋਰੋਨਾ ਵਾਇਰਸ ਅਤੇ ਬ੍ਰਿਟੇਨ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ’ਚ ਸਾਹਮਣੇ ਆਏ ਉਸਦੇ ਰੂਪਾਂ ਦੇ ਨਾਲ-ਨਾਲ ਚਮਗਿੱਦੜ ਨਾਲ ਸਬੰਧਤ ਉਨ੍ਹਾਂ ਹੋਰਨਾਂ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਉਣ ’ਚ ਪ੍ਰਭਾਵੀ ਸਾਬਿਤ ਹੋਇਆ ਹੈ, ਜੋ ਭਵਿੱਖ ’ਚ ਸੰਸਾਰਿਕ ਮਹਾਮਾਰੀ ਦਾ ਕਾਰਨ ਬਣ ਸਕਦੇ ਹਨ। ਖੋਜਕਾਰਾਂ ਨੇ ਕਿਹਾ ਹੈ ਕਿ ਰਸਾਲੇ ‘ਨੇਚਰ’ ’ਚ ਛਪੇ ਅਧਿਐਨ ਮਨੁੱਖਾਂ ’ਤੇ ਵੀ ਪ੍ਰਭਾਵੀ ਹੈ। ਸਾਰੇ ਤਰ੍ਹਾਂ ਦੇ ਕੋਰੋਨਾ ਵਾਇਰਸ ’ਤੇ ਪ੍ਰਭਾਵੀ ਇਹ ਟੀਕਾ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਸੂਖਮ ਕਣਾਂ ਰਾਹੀਂ ਇਸਨੂੰ ਨਾ-ਸਰਗਰਮ ਬਣਾਉਣ ਵਾਲੀ ਐਂਟੀਬਾਡੀ ਪੈਦਾ ਕਰਦਾ ਹੈ। ਅਮਰੀਕਾ ਸਥਿਤ ‘ਡਿਊਕ ਯੂਨੀਵਰਸਿਟੀ ਹਿਊਮਨ ਵੈਕਸੀਨ ਇੰਸਟੀਚਿਊਟ’ ਦੇ ਬਾਰਟਨ ਐੱਮ. ਹੇਨਸ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਬਸੰਤ ’ਚ ਇਸ ਸਮਝ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਕਿ ਸਾਰੇ ਵਾਇਰਸਾਂ ਵਾਂਗ ਸਾਰਸ-ਸੀ. ਓ. ਵੀ.-2 ਵਾਇਰਸ ਦੇ ਵੀ ਰੂਪ ਵਿਕਸਿਤ ਹੋਣਗੇ।
ਹੇਨਸ ਨੇ ਕਿਹਾ ਕਿ ਇਹ ਨਵਾਂ ਦ੍ਰਿਸ਼ਟੀਕੋਣ ਸਿਰਫ ਸਾਰਸ-ਸੀ. ਓ. ਵੀ.-2 ਖਿਲਾਫ ਹੀ ਸੁਰੱਖਿਆ ਪ੍ਰਦਾਨ ਨਹੀਂ ਕਰਦਾ ਸਗੋਂ ਟੀਕੇ ਨਾਲ ਬਣੀ ਐਂਟੀਬਾਡੀ ਵਾਇਰਸ ਦੇ ਬ੍ਰਿਟੇਨ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ’ਚ ਸਾਹਮਣੇ ਆਏ ਰੂਪਾਂ ਨੂੰ ਵੀ ਨਾ-ਸਰਗਰਮ ਕਰ ਸਕਦੀ ਹੈ।