ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਲਕੱਤਾ ਵਿਖੇ ਆਰ.ਜੀ.ਕਾਰ ਮੈਡੀਕਲ ਕਾਲਜ ਦੀ ਪੋਸਟ ਗ੍ਰੈਜੂਏਟ ਮਹਿਲਾ ਸਿੱਖਿਆਰਥੀ ਡਾਕਟਰ ਦੇ ਬੇਰਹਿਮੀ ਨਾਲ ਹੋਏ ਜਬਰ-ਜਨਾਹ ਤੋਂ ਬਾਅਦ ਉਸਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ । ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰ ਹੜਤਾਲਾਂ ਕਰਕੇ ਸੜਕਾਂ ਤੇ ਉਤਰੇ ਹੋਏ ਹਨ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਵਾਲੇ ਡਾਕਟਰਾਂ ਦੀ ਵੀ ਕੋਈ ਸੁਣਵਾਈ ਤੱਕ ਨਹੀਂ ਹੋ ਰਹੀ, ਜਿਸ ਕਾਰਨ ਇਕ ਹਫਤੇ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਵਿਚ ਕੋਈ ਭਰੋਸੇਯੋਗ ਸਫਲਤਾ ਨਹੀਂ ਮਿਲੀ ਲੇਕਿਨ ਦੂਜੇ ਪਾਸੇ ਮਹਿਲਾ ਡਾਕਟਰ ਦੀ ਨਿਆਂ, ਸੁਰੱਖਿਆ ਲਈ ਡਾਕਟਰਾਂ ਸਮੇਤ ਵੱਖ ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵਿਚ ਰੋਸ਼ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਲਕੱਤੇ ਦੇ ਹਸਪਤਾਲ ਵਿਚ ਸਿਖਿਆਰਥੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਕਰਨ ਅਤੇ ਹੱਤਿਆ ਕਰਨ ਵਾਲੀ ਇਹ ਘਟਨਾ ਰੂਹ ਕੰਬਣਾਉਣ ਵਾਲੀ ਹੈ ਤੇ ਇਹ ਸਭ ਦੇਸ਼ ਦੇ ਮਾੜੇ ਸਿਸਟਮ ਦੇ ਨਤੀਜੇ ਹਨ ਜੋ ਸਾਡੀਆਂ ਧੀਆਂ,ਭੈਣਾਂ ਦੀਆਂ ਇੱਜ਼ਤਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕਰਦਿਆ ਕਿਹਾ ਕਿ ਕਲਕੱਤਾ ਵਿਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੜਕੀਆਂ, ਔਰਤਾਂ ਦੀ ਹਰ ਅਦਾਰੇ ਵਿਚ ਸੁਰੱਖਿਆ ਯਕੀਨੀ ਬਣਾਈ ਜਾਵੇ, ਹਸਪਤਾਲਾਂ ਵਿੱਚ ਸੁਰੱਖਿਆ ਲਈ ਲੋੜੀਦੇ ਕਦਮ ਚੁੱਕੇ ਜਾਣ। ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਨਾਂ ਵਿੱਚੋਂ ਉਤਰਾਖੰਡ, ਰਾਜਸਥਾਨ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਨਾਲ ਹੀ ਅਜਿਹੀਆਂ ਦਰਿੰਦਗੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਉਹਨਾਂ ਕਿਹਾ ਕਿ ਸਮਾਜ ਦੇ ਅਨਸਰ ਲੋਕਾਂ ਵੱਲੋਂ ਦੇਸ਼ ਵਿੱਚ ਬਾਲੜੀਆਂ ਦਾ ਗੈਂਗ ਰੇਪ ਕਰਕੇ ਸਮਾਜ ਨੂੰ ਕਲੰਕਤ ਕੀਤਾ ਜਾ ਰਿਹਾ ਹੈ ।ਉਹਨਾਂ ਕਿਹਾ ਕਿ ਭਾਵੇਂ ਦੇਸ ਵਿੱਚ ਪਹਿਲਾਂ ਹੀ ਕਾਨੂੰਨ ਸਖਤ ਹਨ ਤੇ ਕਾਨੂਨਾ ਨੂੰ ਲਾਗੂ ਕਰਨ ਵਾਲੀਆਂ ਸਰਕਾਰਾਂ ਅਤੇ ਅਧਿਕਾਰੀਆਂ ਦੀ ਨੀਤੀ ਅਤੇ ਨੀਅਤ ਸਹੀ ਹੋਣੀ ਚਾਹੀਦੀ ਹੈ ਤਾਂ ਹੀ ਪੀੜਤਾ ਨੂੰ ਇਨਸਾਫ ਸਹੀ ਸਮੇਂ ਤੇ ਦਿੱਤਾ ਜਾ ਸਕਦਾ ਹੈ ।