ਸੁਨਾਮ : ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਸਮੇਤ ਹੋਰ ਮੰਗਾਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਏ ਚੰਡੀਗੜ੍ਹ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਵੀਰਵਾਰ ਨੂੰ ਚੱਠਾ ਨਨਹੇੜਾ ਤੋਂ ਨੌਜਵਾਨ ਕਿਸਾਨ ਆਗੂ ਗਗਨਦੀਪ ਸਿੰਘ ਚੱਠਾ ਦੀ ਅਗਵਾਈ ਹੇਠ ਕਾਫ਼ਲਾ ਰਵਾਨਾ ਹੋਇਆ। ਕਿਸਾਨ ਆਗੂ ਗਗਨਦੀਪ ਸਿੰਘ ਚੱਠਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਖੇਤੀ ਨੀਤੀ ਬਣਾਉਣ ਲਈ ਜਥੇਬੰਦੀ ਵੱਲੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਬਣਾਇਆ ਖਰੜਾ ਸਰਕਾਰ ਨੂੰ ਸੌਂਪਿਆ ਗਿਆ ਸੀ ਲੇਕਿਨ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਗਗਨਦੀਪ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਂ ਖੇਤੀ ਨੀਤੀ ਬਣਾਉਣ ਤੋਂ ਭੱਜ ਰਹੀ ਹੈ ਅਤੇ ਪਹਿਲੀਆਂ ਸਰਕਾਰਾਂ ਵਾਂਗ ਹੀ ਬਹੁ ਕੰਪਨੀਆਂ ਅਤੇ ਜਗੀਰਦਾਰਾਂ ਦੀ ਸੇਵਾ ਵਿਚ ਜੁਟੀ ਹੋਈ ਹੈ ਇਸ ਮਸਲੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਮੁੱਚੀ ਟੀਮ ਬਹੁਤ ਗੰਭੀਰ ਹੈ ਇਸ ਲਈ ਸਰਕਾਰ ਨੂੰ ਇਸ ਮੁੱਦੇ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ ਜਿਹੜੀ ਸਰਕਾਰ ਚੰੜੀਗੜ ਵਿੱਚ ਲੋਕਾਂ ਨੂੰ ਵੜਨ ਨਹੀਂ ਦਿੰਦੀ ਸੀ ਇਹ ਲੋਕਾਂ ਦੀ ਤਾਕਤ ਨਾਲ਼ ਹੀ ਸੰਭਵ ਹੋਇਆ ਹੈ ਕਿ ਇਹ ਪੰਜ ਰੋਜ਼ਾ ਦਿਨ ਰਾਤ ਦਾ ਪੱਕਾ ਮੋਰਚਾ ਚੰਡੀਗੜ੍ਹ ਵਿੱਚ ਲੱਗਿਆ ਹੋਇਆ ਹੈ। ਇਸ ਮੌਕੇ ਦਰਬਾਰਾ ਸਿੰਘ ਚੱਠਾ, ਗੁਰਚਰਨ ਸਿੰਘ, ਭੋਲਾ ਸਿੰਘ, ਮਜ਼ਦੂਰ ਆਗੂ ਭੋਲਾ ਸਿੰਘ, ਅਮਰੀਕ ਸਿੰਘ, ਕਾਕੂ ਚੱਠਾ, ਸੁਖਵਿੰਦਰ ਕੌਰ, ਗੁਰਮੀਤ ਕੌਰ, ਬਲਜੀਤ ਕੌਰ ਸਮੇਤ ਹੋਰ ਕਿਸਾਨ ਆਦਿ ਹਾਜ਼ਰ ਸਨ।