ਚੰਡੀਗੜ੍ਹ : ਹਰਿਆਣਾ ਵਿਚ ਇਕ ਅਕਤੂਬਰ ਤੋਂ ਖਰੀਫ ਸੀਜਨ ਦੀ ਦਲਹਨ ਅਤੇ ਤਿਲਹਨ ਦੀ ਖਰੀਦ ਸ਼ੁਰੂ ਹੋਵੇਗੀ। ਇਸ ਵਿਚ ਮੂੰਗ, ਮੂੰਗਫਲੀ, ਅਰਹਰ, ਉੜਦ ਅਤੇ ਤਿੱਲ ਸਮੇਤ ਖਰੀਫ ਦਲਹਨ ਅਤੇ ਤਿਲਹਨ ਫਸਲਾਂ ਦੀ ਖਰੀਦ ਵੀ ਸ਼ਾਮਿਲ ਹੈ। ਖਰੀਦ ਪ੍ਰੋਗ੍ਰਾਮ ਅਨੁਸਾਰ 1 ਅਕਤੂਬਰ ਤੋਂ 15 ਨਵੰਬਰ ਤਕ ਮੂੰਗ ਅਤੇ 1 ਨਵੰਬਰ ਤੋਂ 31 ਦਸੰਬਰ ਤਕ ਮੂੰਗਫਲੀ ਦੀ ਖਰੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ, 1 ਦਸੰਬਰ ਤੋਂ 31 ਦਸੰਬਰ ਤਕ ਅਰਹਰ, ਉੜਦ ਅਤੇ ਤਿੱਲ ਸਮੇਤ ਤਿਲਹਨ ਅਤੇ ਦਲਹਨਾਂ ਫਸਲਾਂ ਦੀ ਖਰੀਦ ਕੀਤੀ ਜਾਵੇਗੀ।
ਇਸ ਸਬੰਧ ਵਿਚ ਮੁੱਖ ਸਕੱਤਰ ਡਾ. ਟੀਵੀਐਸਐਨ ਪ੍ਰਸਾਦ ਨੇ ਅੱਜ ਚੰਡੀਗੜ੍ਹ ਵਿਚ ਮਾਰਕਟਿੰਗ ਸੈਸ਼ਨ 2024-25 ਲਈ ਫਸਲਾਂ ਦੀ ਖਰੀਦ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਕਿਸਾਨਾਂ ਲਈ ਸੁਚਾਰੂ ਢੰਗ ਨਾਲ ਖਰੀਦ ਪ੍ਰਕ੍ਰਿਆ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ।
ਡਾ. ਪ੍ਰਸਾਦ ਨੇ ਨਿਰਧਾਰਿਤ ਸਮੇਂ 'ਤੇ ਫਸਲਾਂ ਦੀ ਖਰੀਦ ਸ਼ੁਰੂ ਕਰਨ ਅਤੇ ਮੰਡੀਆਂ ਵਿਚ ਸਟੋਰੇਜ ਅਤੇ ਬਾਰਦਾਨੇ ਆਦਿ ਦੀ ਕਾਫੀ ਵਿਵਸਥਾ ਕਰਨ ਦੀ ਜਰੂਰਤਾਂ 'ਤੇ ਵੀ ਜੋਰ ਦਿੱਤਾ।
ਹਰਿਆਣਾ ਵਿਚ ਇਸ ਸਾਲ ਖਰੀਫ ਫਸਲਾਂ ਦਾ ਉਤਪਾਦਨ ਵੱਧਣ ਦੀ ਉਮੀਦ ਹੈ, ਜਿਸ ਵਿਚ ਮੂੰਗ ਦਾ 27197 ਮੀਟ੍ਰਿਕ ਟਨ, ਅਰਹਰ ਦਾ 238 ਮੀਟ੍ਰਿਕ ਟਨ, ਉੜਤ ਦਾ 85 ਮੀਟ੍ਰਿਕ ਟਨ, ਤਿੱਲ ਦਾ 471 ਮੀਟ੍ਰਿਕ ਟਨ ਅਤੇ ਮੂੰਗਫਲੀ ਦਾ 9668 ਮੀਟ੍ਰਿਕ ਟਨ ਉਤਪਾਦਨ ਹੋਣ ਦਾ ਅੰਦਾਜਾ ਹੈ।
ਖਰੀਫ ਫਸਲਾਂ ਦੀ ਖਰੀਦ ਭਾਰਤ ਸਰਕਾਰ ਵੱਲੋਂ ਐਲਾਨ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) 'ਤੇ ਕੀਤੀ ਜਾਵੇਗੀ। ਹੈਫੇਡ ਵੀ ਖਰੀਦ ਪ੍ਰਕ੍ਰਿਆ ਵਿਚ ਹਿੱਸਾ ਲਵੇਗਾ।
ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੁਦ ਰਹੇ।