ਪਟਿਆਲਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ (ਪੁਨਰਗਠਨ ) ਕਰਨ ਦੇ ਜਾਰੀ ਕੀਤੇ ਸ਼ੈਡਿਊਲ ਮੁਤਾਬਕ ਅੱਜ ਜ਼ਿਲ੍ਹਾ ਚੋਣ ਅਫਸਰ -ਕਮ- ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਮੂਹ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ/ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਕਮਿਸ਼ਨ ਵੱਲੋਂ ਜ਼ਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋਂ/ ਹਲਕਾ ਪੱਧਰ ਤੇ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਪੋਲਿੰਗ ਸਟੇਸ਼ਨ ਸਥਾਪਤ ਕਰਨ ਦੀਆਂ ਤਜਵੀਜਾਂ ਭੇਜੀਆਂ ਗਈਆਂ ਸਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 8 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਕੁੱਲ 1786 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ । ਜ਼ਿਲ੍ਹਾ ਪਟਿਆਲਾ ਦੇ ਕਿਸੇ ਵੀ ਵਿਧਾਨ ਸਭਾ ਚੋਣ ਹਲਕੇ ਦੇ ਕਿਸੇ ਵੀ ਪੋਲਿੰਗ ਬੂਥ ਵਿੱਚ ਵੋਟਰਾਂ ਦੀ ਗਿਣਤੀ 1500 ਤੋਂ ਜ਼ਿਆਦਾ ਨਹੀਂ ਹੈ। ਇਸੇ ਕਰਕੇ ਕਿਸੇ ਵੀ ਚੋਣ ਹਲਕੇ ਵਿੱਚ ਕੋਈ ਅਡੀਸ਼ਨਲ ਪੋਲਿੰਗ ਬੂਥ ਸਥਾਪਤ ਨਹੀਂ ਕੀਤਾ ਗਿਆ ਹੈ। ਵੋਟਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਤੋਂ ਸਥਾਪਤ ਪੋਲਿੰਗ ਸਟੇਸ਼ਨ ਦੀਆਂ ਕੁੱਝ ਬਿਲਡਿੰਗਾਂ ਵਿੱਚ ਢੁੱਕਵੀਆਂ ਸਹੂਲਤਾਂ ਨਾ ਹੋਣ ਕਾਰਨ ਇਸੇ ਪੋਲਿੰਗ ਏਰੀਏ ਵਿੱਚ ਉਹਨਾਂ ਪੋਲਿੰਗ ਸਟੇਸ਼ਨਾਂ ਨੂੰ ਢੁੱਕਵੀਆਂ ਬਿਲਡਿੰਗਾਂ ਵਿੱਚ ਤਬਦੀਲ ਕਰਨ ਦੀ ਤਜ਼ਵੀਜ਼ ਤਿਆਰ ਕੀਤੀ ਗਈ ਹੈ ।
ਡਾ: ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸੇ ਤਰ੍ਹਾਂ ਪਹਿਲਾਂ ਤੋਂ ਸਥਾਪਤ ਪੋਲਿੰਗ ਸਟੇਸ਼ਨ ਬਿਲਡਿੰਗਾਂ ਦੇ ਨਾਮ ਵਿੱਚ ਕਿਸੇ ਤਰ੍ਹਾਂ ਦੀ ਸੋਧ (ਸਕੂਲ/ਕਾਲਜ ਦੇ ਅਪਡੇਸ਼ਨ) ਹੋਣ ਕਾਰਨ ਇਹਨਾਂ ਦੇ ਨਾਮ ਵਿੱਚ ਸੋਧ ਕੀਤੀ ਗਈ ਅਤੇ ਮੌਜ਼ੂਦਾ ਸੈਕਸ਼ਨਾਂ ਦੀ ਲੋੜ ਅਨੁਸਾਰ ਵਾਧਾ/ਅਪਡੇਸ਼ਨ ਕੀਤੀ ਗਈ।
ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜ਼ਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਪਾਸੋਂ ਪ੍ਰਾਪਤ ਤਜ਼ਵੀਜ਼ਾਂ ਜ਼ਿਲ੍ਹਾ ਪੱਧਰ ਦੀਆਂ ਰਾਜਸੀ ਪਾਰਟੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਇਸ ਸਬੰਧੀ ਉਹਨਾਂ ਨੂੰ ਤਿਆਰ ਕੀਤੀਆਂ ਤਜ਼ਵੀਜ਼ਾਂ ਦੇ ਕਿਸੇ ਤਰ੍ਹਾਂ ਦਾ ਇਤਰਾਜ਼/ਸੁਝਾਅ ਦੇਣ ਲਈ ਕਿਹਾ ਗਿਆ ਹੈ । ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਰਾਜਸੀ ਪਾਰਟੀਆਂ ਪਾਸੋਂ ਇਤਰਾਜ਼/ਸੁਝਾਅ ਜਾਂ ਉਹਨਾਂ ਪਾਸੋਂ ਤਜ਼ਵੀਜ਼ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਤੇ ਸਹਿਮਤੀ ਪ੍ਰਾਪਤ ਕਰਨ ਉਪਰੰਤ ਇਹ ਰਿਪੋਰਟ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਰਾਹੀਂ ਪ੍ਰਵਾਨਗੀ ਹਿੱਤ ਭੇਜ ਦਿੱਤੀਆਂ ਜਾਣਗੀਆਂ ਅਤੇ ਪ੍ਰਵਾਨਗੀ ਪ੍ਰਾਪਤ ਹੋਣ ਉਪਰੰਤ ਭਾਰਤ ਚੋਣ ਵੱਲੋਂ ਜ਼ਾਰੀ ਹਦਾਇਤਾਂ ਅਨੁਸਾਰ ਇਹ ਸਿਆਸੀ ਪਾਰਟੀਆਂ ਨਾਲ ਵੱਖਰੇ ਤੌਰ ਤੇ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ। ਮੀਟਿੰਗ ਮੌਕੇ ਆਮ ਆਦਮੀ ਪਾਰਟੀ ਤੋ ਸ੍ਰੀ ਗੱਜਣ ਸਿੰਘ, ਕਾਂਗਰਸ ਪਾਰਟੀ ਤੋ ਸ੍ਰੀ ਨਰੇਸ਼ ਦੁੱਗਲ, ਅਕਾਲੀ ਦਲ ਪਾਰਟੀ, ਭਾਰਤੀ ਜਨਤਾ ਪਾਰਟੀ ਤੋ ਇਲਾਵਾ ਚੋਣ ਤਹਿਸੀਲਦਾਰ ਸ੍ਰੀ ਵਿਜੇ ਕੁਮਾਰ ਚੌਧਰੀ ਵੀ ਸ਼ਾਮਲ ਸਨ ।