ਹਿਸਾਰ : ਹਰਿਆਣਾ ਚੋਣਾਂ ਦੌਰਾਨ ਦਲਿਤ ਮਹਾਂਪੰਚਾਇਤ ਸੰਘ ਦੇ ਸੂਬਾ ਪ੍ਰਧਾਨ ਕੁਲਦੀਪ ਭੁੱਕਲ ਨੇ ਦੋਸ਼ ਲਗਾਇਆ ਹੈ ਕਿ ਨਾਰਨੌਂਦ ਤੋਂ ਕਾਂਗਰਸ ਦੇ ਉਮੀਦਵਾਰ ਜੱਸੀ ਪੇਟਵਾੜ ਨੇ ਸੋਚੀ ਸਮਝੀ ਵਿਉਂਤਬੰਦੀ ਦੇ ਤਹਿਤ ਦਲਿਤ ਭਾਈਚਾਰੇ ਦੀ ਅਗਵਾਈ ਕਰਨ ਵਾਲੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਦਾ ਜਾਣਬੁੱਝ ਕੇ ਅਪਮਾਨ ਕੀਤਾ ਹੈ। ਦਲਿਤ ਮਹਾਂਪੰਚਾਇਤ ਸੰਘ ਦੇ ਸੂਬਾ ਪ੍ਰਧਾਨ ਕੁਲਦੀਪ ਭੁੱਕਲ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਸਾਬਕਾ ਸੀ.ਐਮ. ਭੁਪਿੰਦਰ ਸਿੰਘ ਹੁੱਡਾ ਦੇ ਸਮਰਥਕਾਂ ਨੇ ਅਜਿਹਾ ਜਾਣਬੁੱਝ ਕੇ ਕੀਤਾ ਹੈ।
ਕੁਲਦੀਪ ਭੁੱਕਲ ਨੇ ਕੁਮਾਰੀ ਸ਼ੈਲਜਾ ਦੇ ਹੋਏ ਅਪਮਾਨ ਨੂੰ ਲੈ ਕੇ ਹਿਸਾਰ ਦੇ ਨਾਰਨੌਂਦ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਕੀਤੀ ਜਿਥੇ ਉਨ੍ਹਾਂ ਨੇ ਕਿਹਾ ਹੈ ਕਿ ਕੁਮਾਰੀ ਸ਼ੈਲਜਾ ਦੇ ਹੋਏ ਇਸ ਅਪਮਾਨ ਦਾ ਸਮੁੱਚਾ ਦਲਿਤ ਭਾਈਚਾਰਾ ਬਦਲਾ ਲਵੇਗਾ। ਭੁੱਕਲ ਨੇ ਕਿਹਾ ਹੈ ਕਿ ਸਮੁੱਚਾ ਦਲਿਤ ਸਮਾਜ ਪੂਰੇ ਸੂਬੇ ਦੇ ਨਾਲ-ਨਾਲ ਨਾਰਨੋਂਦ ਵਿੱਚ ਹੁੱਡਾ ਪੱਖੀ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਕੰਮ ਕਰੇਗਾ। ਦਲਿਤ ਮਹਾਂਪੰਚਾਇਤ ਸੰਘ ਦੇ ਸੂਬਾ ਪ੍ਰਧਾਨ ਕੁਲਦੀਪ ਭੁੱਕਲ ਨੇ ਕਿਹਾ ਕਿ ਭੁਪਿੰਦਰ ਹੁੱਡਾ ਨੇ ਉਕਲਾਨਾ ਤੋਂ ਨਰੇਸ਼ ਸੇਲਵਾਲ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ 2019 ਵਿੱਚ ਛੇ ਸਾਲ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਦੇ ਸੱਭ ਦੇ ਬਾਵਜੂਦ ਹੁਣ ਫਿਰ ਉਸ ਨੂੰ ਦਿੱਤੀ ਗਈ ਹੈ।
ਦਲਿਤ ਮਹਾਂਪੰਚਾਇਤ ਸੰਘ ਦੇ ਸੂਬਾ ਪ੍ਰਧਾਨ ਕੁਲਦੀਪ ਭੁੱਕਲ ਨੇ ਕਿਹਾ ਕਿ ਕਾਂਗਰਸੀ ਆਗੂ ਭੁਪਿੰਦਰ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ 2005 ਤੋਂ 2014 ਤੱਕ ਦਲਿਤਾਂ ’ਤੇ ਅਨੇਕਾਂ ਅੱਤਿਆਚਾਰ ਹੋਏ। ਹੁੱਡਾ ਸਰਕਾਰ ਵੇਲੇ ਮਿਰਚਪੁਰ ਕਾਂਡ, ਗੋਹਾਣਾ ਕਾਂਡ, ਭਗਣਾ ਕਾਂਡ, ਦਾਬਰਾ ਕਾਂਡ ਅਤੇ ਦੌਲਤਪੁਰ ਕਾਂਡ ਵਾਪਰਿਆ। ਸੂਬੇ ਵਿੱਚ ਘਰਾਂ ਅਤੇ ਦੁਕਾਨਾਂ ਨੂੰ ਸਾੜ ਦਿੱਤਾ ਗਿਆ। ਭੁੱਕਲ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭੁਪਿੰਦਰ ਹੁੱਡਾ ਨੂੰ ਦਲਿਤਾਂ ਦਾ ਸਮਰਥਨ ਨਹੀਂ ਮਿਲਿਆ, ਜਿਸ ਕਾਰਨ ਉਹ ਸੋਨੀਪਤ ਸੀਟ ’ਤੇ ਬੁਰੀ ਤਰ੍ਹਾਂ ਹਾਰ ਗਏ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਦਲਿਤਾਂ ਨੇ ਸਮਰਥਨ ਦਿੱਤਾ ਸੀ ਤਾਂ ਹਰਿਆਣਾ ਵਿੱਚ ਕਾਂਗਰਸ ਨੇ 5 ਲੋਕ ਸਭਾ ਸੀਟਾਂ ਜਿੱਤੀਆਂ ਸਨ, ਪਰ ਉਸ ਤੋਂ ਬਾਅਦ ਹੁੱਡਾ ਸਮਰਥਕ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਕਾਂਗਰਸ ਸੰਸਦ ਕੁਮਾਰੀ ਸ਼ੈਲਜਾ ਦਾ ਅਪਮਾਨ ਕਰ ਰਹੇ ਹਨ।