ਰੇਵਾੜੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੇਵਾੜੀ ਵਿੱਚ ਰੈਲੀ ਕਰਦਿਆਂ ਕਿਹਾ ਕਿ ਫ਼ੌਜ ਵਿੱਚ ਭਰਤੀ ਹੋਣ ਵਾਲੇ ਹਰ ਅਗਨੀਵੀਰ ਨੂੰ ਪੈਨਸ਼ਨ ਦੇ ਨਾਲ ਨੌਕਰੀ ਦਿੱਤੀ ਜਾਵੇਗੀ। ਕਾਂਗਰਸੀ ਲੋਕ ਫ਼ੌਜ ਦੀ ਇੱਜ਼ਤ ਨਹੀਂ ਕਰਦੇ। ਕਾਂਗਰਸ ਨੇ ਆਰਮੀ ਚੀਫ਼ ਨੂੰ ਗੁੰਡਾ ਕਿਹਾ ਸੀ। ਅਮਿਤ ਸ਼ਾਹ ਨੇ ਆਪਣੀ ਰੈਲੀ ਵਿੱਚ ਕਿਹਾ ਕਿ ਭਾਜਪਾ ਨੇ ਡੀਲਰ-ਜਵਾਈ ਦਾ ਨਾਮੋ ਨਿਸ਼ਾਨ ਖ਼ਤਮ ਕਰ ਦਿੱਤਾ ਹੈ ਪਰ ਕਾਂਗਰਸ ਸਰਕਾਰ ਵੇਲੇ ਡੀਲਰ ਅਤੇ ਦਲਾਲ ਨਿਯੁਕਤੀ ਪੱਤਰ ਦਿੰਦੇ ਸਨ ਪਰ ਭਾਜਪਾ ਦੇ ਸਮੇਂ ਵਿੱਚ ਡਾਕੀਆ ਨਿਯੁਕਤੀ ਪੱਤਰ ਦੇਣ ਆਉਂਦਾ ਹੈ। ਆਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਸ਼ਾਸਤ ਰਾਜਾਂ ਵਿੱਚ ਐਮ.ਐਸ.ਪੀ. ਦੀ ਗਾਰੰਟੀ ਨੂੰ ਲਾਗੂ ਕਰ ਦੇਣ। ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਰਾਖਵੇਂਕਰਨ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਪਰ ਜਦੋਂ ਤੱਕ ਭਾਜਪਾ ਸੱਤਾ ਵਿੱਚ ਰਹੇਗੀ ਉਸ ਸਮੇਂ ਤੱਕ ਰਾਖਵੇਂਕਰਨ ਨੂੰ ਕੋਈ ਖ਼ਤਮ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਸ਼ਮੀਰ ਵਿੱਚ ਧਾਰਾ 370 ਨੂੰ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਉਹ ਭਾਜਪਾ ਦੇ ਰਹਿੰਦਿਆਂ ਅਜਿਹਾ ਕਦੇ ਵੀ ਨਹੀਂ ਕਰ ਸਕਣਗੇ। ਅਮਿਤ ਸ਼ਾਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਜਦੋਂ ਵੀ ਜਿੱਤਦੀ ਹੈ ਤਾਂ ਕੁੱਝ ਜ਼ਿਲ੍ਹਿਆਂ ਵਿੱਚ ਹੀ ਵਿਕਾਸ ਹੁੰਦਾ ਹੈ। ਕਾਂਗਰਸ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਅਮਿਤ ਸ਼ਾਹ ਨੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੁੱਝ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹਨ ਪਰ ਲੋਕ ਉਨ੍ਹਾਂ ਨੂੰ ਹੀ ਵੋਟ ਦੇਣ ਜਿਨ੍ਹਾਂ ਕੋਲ ਕਮਲ ਦਾ ਫੁੱਲ ਹੋਵੇ।
ਅਮਿਤ ਸ਼ਾਹ ਨੇ ਰੇਵਾੜੀ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਸੱਤਾ ਵਿੱਚ ਆਉਂਦਿਆਂ ਰੇਵਾੜੀ ਵਿੱਚ ਸੱਭ ਤੋਂ ਵੱਡੀ ਸਰੋ੍ਹ ਦੇ ਤੇਲ ਦੀ ਫ਼ੈਕਟਰੀ ਲਗਾਉਣਗੇ। ਅਤੇ ਮਿਲਟਰੀ ਵਿੱਚ ਸ਼ਹੀਦ ਹੋਏ ਸ਼ਹੀਦਾਂ ਲਈ ਮਿਊਜ਼ੀਅਮ ਵੀ ਬਣਾਇਆ ਜਾਵੇਗਾ। ਰੇਵਾੜੀ ਵਿੱਚ ਇਕ ਵਿਸ਼ਵਕਰਮਾ ਕਾਲਜ ਬਣੇਗਾ। ਰੇਵਾੜੀ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਛੇ ਮਹੀਨੇ ਬਾਅਦ ਨਵਾਂ ਮੈਡੀਕਲ ਕਾਲਜ ਬਣਾਇਆ ਜਾਵੇਗਾ।