ਪਟਿਆਲਾ : ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੂੰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਰਿਆਣਾ ਚੋਣਾਂ ਲਈ ਪੰਜਾਬੀ ਬੋਲਦੇ 7 ਹਲਕਿਆਂ ਵਿੱਚ ਪ੍ਰਚਾਰ ਕਰਨ ਲਈ ਪ੍ਰਚਾਰਕ ਨਿਯੁਕਤ ਕੀਤਾ ਗਿਆ ਹੈ। ਇਥੇ ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਹਰਿਆਣਾ ਦੇ ਵੱਖ ਵੱਖ ਕਾਂਗਰਸੀ ਉਮੀਦਵਾਰਾਂ ਨੇ ਗੁਰਸ਼ਰਨ ਕੌਰ ਰੰਧਾਵਾ ਨੂੰ ਓਨ੍ਹਾਂ ਦੇ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨ ਦੀ ਬੇਨਤੀ ਕੀਤੀ ਸੀ ਜਿਸਦੇ ਤਹਿਤ ਉਹ ਸੰਧ, ਟੋਹਾਣਾ, ਗੂਹਲਾ, ਸਿਰਸਾ ਵਿਖੇ ਚੋਣ ਪ੍ਰਚਾਰ ਕਰਕੇ ਆਏ ਹਨ ਅਤੇ ਅੱਜ ਉਨ੍ਹਾਂ ਨੂੰ ਉਚੇਚੇ ਤੌਰ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਚਿੱਠੀ ਕੱਢ ਕੇ ਹਰਿਆਣਾ ਦੇ ਸੱਤ ਵਿਧਾਨ ਸਭਾ ਪੰਜਾਬੀ ਬੋਲਦੇ ਹਲਕਿਆਂ ਪਿਹੋਵਾ, ਪੰਚਕੁਲਾ ,ਅੰਬਾਲਾ ਸਿਟੀ,ਅੰਬਾਲਾ ਕੈਂਟ, ਨਰਾਇਣਗੜ੍ਹ , ਕਾਲਕਾ ਤੇ ਗੁਹਲਾ ਵਿਖੇ ਅੱਜ ਹੀ ਚੋਣ ਪ੍ਰਚਾਰ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਹਰਿਆਣੇ ਵਿੱਚ ਚੋਣ ਪ੍ਰਚਾਰ ਕਰਕੇ ਆਏ ਹਨ ਤੇ ਦੇਖਿਆ ਗਿਆ ਕਿ ਹਰਿਆਣਾ ਦੇ ਲੋਕ ਸਿਰਫ ਤੇ ਸਿਰਫ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਚਾਹੁੰਦੇ ਹਨ।
ਓਨ੍ਹਾਂ ਕਿਹਾ ਕਿ ਹਰਿਆਣਾ ਦੇ ਕਈ ਉਮੀਦਵਾਰਾਂ ਨੇ ਆਪਣੇ ਵਰਕਰਾਂ ਰਾਹੀਂ ਮੇਰੇ ਨਾਲ ਤਾਲਮੇਲ ਕਰਕੇ ਮੈਨੂੰ ਖੁਦ ਓਨ੍ਹਾਂ ਦੇ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨ ਲਈ ਬੁਲਾਇਆ ਗਿਆ ਹੈ ਜਿਸਦੇ ਲਈ ਉਹ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦੇ ਹਨ।ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਹਰਿਆਣਾ ਨੂੰ ਬਹੁਤ ਪਿੱਛੇ ਤੱਕ ਦਿੱਤਾ ਹੈ ਅਤੇ ਅੱਜ ਕਿਸਾਨ ਵਪਾਰੀ ਮੁਲਾਜ਼ਮ ਗਰੀਬ ਮਜ਼ਦੂਰ ਤੇ ਕਾਰੋਬਾਰੀਆਂ ਸਮੇਤ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਣ ਲਈ ਉਤਾਵਲੇ ਹਨ ਜਿਸ ਕਰਕੇ ਉਹ ਹਰ ਸੂਬੇ ਵਿੱਚ ਕਾਂਗਰਸ ਨੂੰ ਤਕੜਾ ਕਰਨਾ ਚਾਹੁੰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਮੋਦੀ ਦੀ ਧਰਮ ਤੇ ਅਧਾਰਿਤ ਰਾਜਨੀਤੀ ਤੋ ਤੰਗ ਆ ਚੁੱਕੇ ਹਨ ਜਿਸ ਕਰਕੇ ਸਮੇਂ ਸਮੇਂ ਤੇ ਕਿਤੇ ਨਾ ਕਿਤੇ ਦੰਗੇ ਹੁੰਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਕਰਫਿਊ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਬੀ ਰੰਧਾਵਾ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੇਗੀ