ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਪੁਰ ਦੇ ਪਿੰਡ ਕਰੀਮਨਗਰ ਚਿਚੜਵਾਲ ਵਿਚ ਉਹਨਾਂ ਦੇ ਭਰਾ ਜਗੀਰ ਸਿੰਘ ਦੀ ਸਰਬਸੰਮਤੀ ਨਾਲ ਸਰਪੰਚ ਵਜੋਂ ਚੋਣ ਵਿਵਾਦਾਂ ਵਿਚ ਘਿਰ ਗਈ ਹੈ ਅਤੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿੰਡ ਕਰੀਮਨਗਰ ਚਿਚੜਵਾਲਾ ਦੇ ਵਸਨੀਕ ਗੁਰਚਰਨ ਰਾਮ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਪਿੰਡ ਵਿਚ ਸਰਪੰਚ ਤੇ ਪੰਚ ਦੇ ਅਹੁਦਿਆਂ ਲਈ ਚੋਣ ਪੂਰਨ ਪਾਰਦਰਸ਼ੀ ਢੰਗ ਨਾਲ ਹੋਵੇ। ਉਹਨਾਂ ਕਿਹਾ ਕਿ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਬਦਲਾਅ ਦੀ ਗੱਲ ਕਰਦਿਆਂ ਚੰਗਾ ਪ੍ਰਸ਼ਾਸਨ ਦੇਣ ਦੀ ਗੱਲ ਕਰਦੇ ਹਨ, ਉਥੇ ਹੀ ਸਾਡੇ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਪਿੰਡ ਵਿਚੋਂ ਅਨੇਕਾਂ ਮੋਹਤਬਰ ਬੰਦੇ ਐਨ ਓ ਸੀ ਲੈਣ ਵਾਸਤੇ ਬੀ ਡੀ ਪੀ ਓ ਦਫਤਰ ਪਹੁੰਚੇ ਸਨ ਪਰ ਵਿਧਾਇਕ ਦੇ ਹੁਕਮਾਂ ’ਤੇ ਦਫਤਰ ਨੂੰ ਤਾਲਾ ਲਗਾ ਦਿੱਤਾ ਗਿਆ। ਉਹਨਾਂ ਨੇ ਮੌਕੇ ਦੀ ਵੀਡੀਓ ਵੀ ਵਿਖਾਈ ਜਿਸ ਵਿਚ ਦਫਤਰ ਨੂੰ ਤਾਲਾ ਲੱਗਾ ਨਜ਼ਰ ਆ ਰਿਹਾ ਸੀ ਤੇ ਲੋਕ ਦਫਤਰ ਦੇ ਬਾਹਰ ਖੜ੍ਹੇ ਵਿਖਾਈ ਦੇ ਰਹੇ ਸਨ।
ਗੁਰਚਰਨ ਰਾਮ ਨੇ ਕਿਹਾ ਕਿ ਵਿਧਾਇਕ ਨੇ ਸਿਰਫ ਆਪਣੇ ਨਜ਼ਦੀਕੀ ਬੰਦਿਆਂ ਨੂੰ ਆਪਣੇ ਘਰ ਸੱਦ ਲਿਆ ਅਤੇ ਚਾਰ ਬੰਦਿਆਂ ਨੇ ਰਲ ਕੇ ਆਪ ਹੀ ਪਹਿਲਾਂ ਤੋਂ ਮੰਗਵਾ ਕੇ ਰੱਖੇ ਹਾਰ ਜਗੀਰ ਸਿੰਘ ਦੇ ਗੱਲ ਵਿਚ ਪਾ ਦਿੱਤੇ ਤੇ ਪਹਿਲਾਂ ਤੋਂ ਮੰਗਵਾਏ ਲੱਡੂ ਵੰਡ ਕੇ ਐਲਾਨ ਕਰ ਦਿੱਤਾ ਕਿ ਸਰਬਸੰਮਤੀ ਨਾਲ ਚੋਣ ਹੋ ਗਈ ਹੈ। ਉਹਨਾਂ ਕਿਹਾ ਕਿ ਜੇਕਰ ਵਿਧਾਇਕ ਸਰਬਸੰਮਤੀ ਚਾਹੁੰਦੇ ਸੀ ਤਾਂ ਪਿੰਡ ਗੁਰਦੁਆਰਾ ਸਾਹਿਬ ਜਾਂ ਸਾਂਝੀ ਥਾਂ ’ਤੇ ਇਕੱਠ ਸੱਦਣਾ ਚਾਹੀਦਾ ਸੀ ਤੇ ਸਾਰੇ ਪਿੰਡ ਨੂੰ ਸੱਦਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਉਹ ਆਪ ਸਰਪੰਚ ਦੇ ਅਹੁਦੇ ਦੀ ਚੋਣ ਲੜਨ ਦੇ ਚਾਹਵਾਨ ਨਹੀਂ ਹਨ ਪਰ ਚਾਹੁੰਦੇ ਹਨ ਕਿ ਧੱਕੇਸ਼ਾਹੀ ਦੀ ਥਾਂ ਪਾਰਦਰਸ਼ਤਾ ਨਾਲ ਚੋਣ ਹੋਵੇ। ਉਹਨਾਂ ਦੱਸਿਆ ਕਿ ਉਹਨਾਂ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸਦੀ ਭਲਕੇ 3 ਅਗਸਤ ਨੂੰ ਹਾਈ ਕੋਰਟ ਵਿਚ ਸੁਣਵਾਈ ਹੋਣੀ ਹੈ। ਉਹਨਾਂ ਨੇ ਪਿੰਡ ਦੇ ਸਕੂਲ ਦੇ ਨਾਲ ਖੜ੍ਹੇ ਗੰਦੇ ਪਾਣੀ ਦੀ ਵੀਡੀਓ ਵਿਖਾਉਂਦਿਆਂ ਕਿਹਾ ਕਿ ਕੁਲਵੰਤ ਸਿੰਘ ਪਹਿਲਾਂ ਸਰਪੰਚ ਵਜੋਂ ਪਿੰਡ ਲਈ ਕੰਮ ਨਹੀਂ ਕਰ ਸਕੇ ਤੇ ਹੁਣ ਐਮ ਐਲ ਏ ਵਜੋਂ ਵੀ ਉਹ ਪਿੰਡ ਵਿਚ ਕੋਈ ਵਿਕਾਸ ਕਾਰਜ ਨਹੀਂ ਕਰ ਸਕੇ ਤੇ ਪਿੰਡ ਵਿਚ ਸਫਾਈ ਦੇ ਵੀ ਮਾੜੇ ਹਾਲਾਤ ਹਨ।