ਚੰਡੀਗੜ੍ਹ : ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ਾਮ 4 ਵਜੇ ਤੱਕ ਇਹ ਸਪੱਸ਼ਟ ਹੋ ਗਿਆ ਸੀ ਕਿ ਭਾਜਪਾ ਹਰਿਆਣਾ ਵਿੱਚ ਜਿੱਤ ਦੀ ਹੈਟ੍ਰਿਕ ਲਗਾ ਰਹੀ ਹੈ। ਹਰਿਆਣਾ ਦੇ 57 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਪਾਰਟੀ ਲਗਾਤਾਰ ਤੀਜੀ ਵਾਰ ਚੋਣਾਂ ਜਿੱਤਣ ਵਿੱਚ ਕਾਮਯਾਬ ਹੋਈ ਹੈ। ਜਦੋਂਕਿ ਸੱਤਾ ‘ਚ ਵਾਪਸੀ ਦੀ ਉਮੀਦ ਕਰ ਰਹੀ ਕਾਂਗਰਸ 34 ਸੀਟਾਂ ‘ਤੇ ਜਿੱਤ ਦਰਜ ਕਰਕੇ 2 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜਦੋਂ ਕਿ ਇਨੈਲੋ ਸਿਰਫ਼ ਇੱਕ ਸੀਟ ਜਿੱਤ ਸਕੀ ਹੈ ਅਤੇ ਇੱਕ ਸੀਟ ‘ਤੇ ਅੱਗੇ ਚੱਲ ਰਹੀ ਹੈ। ਜੇਜੇਪੀ ਦਾ ਖਾਤਾ ਅਜੇ ਨਹੀਂ ਖੁੱਲ੍ਹਿਆ । ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ ਵਿਚ ਗਈਆਂ ਹਨ। ਹਰਿਆਣਾ ‘ਚ ਤੀਜੀ ਵਾਰ ਭਾਜਪਾ ਦੀ ਬੰਪਰ ਜਿੱਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਵੀ ਸੈਣੀ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਇਸ ‘ਤੇ ਸੀਐਮ ਸੈਣੀ ਨੇ ਜਿੱਤ ਦਾ ਸਿਹਰਾ ਪੀਐਮ ਮੋਦੀ ਨੂੰ ਦਿੱਤਾ ਹੈ। 5 ਅਕਤੂਬਰ ਨੂੰ ਹੋਏ ਐਗਜ਼ਿਟ ਪੋਲ ਹਰਿਆਣਾ ‘ਚ ਫੇਲ ਸਾਬਤ ਹੋਏ ਹਨ। ਇੱਥੇ ਲਗਭਗ ਸਾਰੇ ਐਗਜ਼ਿਟ ਪੋਲ ਨੇ ਕਾਂਗਰਸ ਲਈ ਬਹੁਮਤ ਵਾਲੀ ਸਰਕਾਰ ਦੀ ਭਵਿੱਖਬਾਣੀ ਕੀਤੀ ਸੀ। ਇਸ ‘ਚ ਭਾਜਪਾ ਨੂੰ 25 ਤੋਂ ਘੱਟ ਸੀਟਾਂ ‘ਤੇ ਸੀਮਤ ਦਿਖਾਇਆ ਗਿਆ ਸੀ।